ਸੰਤੋਖੀ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕਰਦੀ ਹੈ ਸ਼ਹਾਦਤ: ਮਹਿਲ ਸਿੰਘ
ਪ੍ਰਿੰ. ਡਾ. ਆਤਮ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਅਤੇ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਕਾਲਜ ਦੀ ਕੌਫੀ ਟੇਬਲ ਬੁੱਕ ਅਤੇ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ। ਅਮਰਜੀਤ ਦੇ ਨਾਟਕ 1675 ਸਮੇਤ ਤਿੰਨ ਪੁਸਤਕਾਂ ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਗਈ। ਡਾ. ਮਹਿਲ ਸਿੰਘ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਦੀ ਸ਼ਹੀਦੀ ਦਾ ਸੰਦੇਸ਼ ਵਿਵਾਦਾਂ ਤੋਂ ਪਰੇ ਅਤੇ ਗੁਰਮਤਿ ਮਰਿਆਦਾ ਵਿੱਚ ਰਹਿ ਕੇ ਸੰਤੋਖੀ ਜ਼ਿੰਦਗੀ ਜਿਉਣ ਦੀ ਪ੍ਰੇਰਨਾ ਨਾਲ ਸਬੰਧਿਤ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਖ਼ਸੀਅਤ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਿੱਖੀ ਕੇਵਲ ਰੂਹਾਨੀ ਧਰਮ ਭਾਵਨਾ ਤਕ ਹੀ ਸੀਮਿਤ ਨਹੀਂ, ਸਗੋਂ ਸਮਾਜਿਕ ਧਰਮ ਹੈ ਜੋ ਸੁਚਾਰੂ ਜੀਵਨ ਜਾਚ ਦਾ ਅਧਾਰ ਹੈ। ਇਸ ’ਚ ਰਾਜਸੀ ਅਤੇ ਨੈਤਿਕ ਦੋਵੇਂ ਪੱਖ ਆ ਜਾਂਦੇ ਹਨ। ਇਹ ਚਿੰਤਾ ’ਤੇ ਚਿੰਤਨ ਕਰਨ ਦੀ ਭਾਵਨਾ ਦਾ ਤਿਆਗ ਕਰਕੇ ਭਾਣਾ ਮੰਨਣ ਦੀ ਭਾਵਨਾ ਦਾ ਸੰਦੇਸ਼ ਦਿੰਦੀ ਹੈ। ਡਾ. ਰੰਧਾਵਾ ਨੇ ਕਿਹਾ ਕਿ ਸੈਮੀਨਾਰ ਦਾ ਉਦੇਸ਼ ਗੁਰੂ ਤੇਗ਼ ਬਹਾਦਰ ਦੀਆਂ ਸਿੱਖਿਆਵਾਂ ਦੇ ਪਾਸਾਰ ਅਤੇ ਵਿਸਥਾਰ ਕਰਨ ਨਾਲ ਸਬੰਧਿਤ ਹੈ।
ਚਿੰਤਕ ਅਤੇ ਲੇਖਕ ਅਮਰਜੀਤ ਸਿੰਘ ਗਰੇਵਾਲ ਨੇ ਗੁਰੂ ਸਾਹਿਬ ਦੀ ਬਾਣੀ ਦੀ ਵਿਸ਼ਵ ਪੱਧਰ ਦੀ ਦਾਰਸ਼ਨਿਕਤਾ ਬਾਰੇ ਵਿਚਾਰ-ਚਰਚਾ ਕਰਦਿਆਂ ਕਿਹਾ ਕਿ ਅੱਜ ਦਾ ਸਮਾਜ ਕਈ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਘਿਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚ ਘਿਰੇ ਮਨੁੱਖ ਦੀ ਹੋਂਦ ਖਤਰੇ ’ਚ ਜਾ ਚੁੱਕੀ ਹੈ। ਇਸ ਸਮੱਸਿਆ ’ਚੋਂ ਬਾਹਰ ਨਿਕਲਣ ਦੇ ਸਾਧਨ ਵਜੋਂ ਗੁਰੂ ਸਾਹਿਬ ਦੀ ਬਾਣੀ ਦੀ ਵਿਸ਼ੇਸ਼ ਮਹੱਤਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਗੁਰੂ ਸਾਹਿਬ ਦੀ ਸ਼ਹੀਦੀ ਦੇ ਕਾਰਨਾਂ ਅਤੇ ਉਦੇਸ਼ ਤੋਂ ਜਾਣੂ ਕਰਵਾਇਆ।
ਸੈਮੀਨਾਰ ਮੌਕੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਬਹੁ-ਵਿਧਾਵੀ ਅਤੇ ਬਹੁ-ਪਸਾਰੀ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੀਆਂ ਰਵਾਇਤਾਂ ਤੋਂ ਉੱਲਟ ਆਪਣੇ ਸੀਸ ਦੀ ਕੁਰਬਾਨੀ ਵਿਲੱਖਣ ਕੁਰਬਾਨੀ ਹੈ ਜਿਸਦੀ ਇਤਿਹਾਸ ਹੋਰ ਕਿਤੇ ਵੀ ਕੋਈ ਮਿਸਾਲ ਨਹੀਂ ਮਿਲਦੀ। ਪ੍ਰੋ. ਅਵਤਾਰ ਸਿੰਘ ਅਤੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕੰਵਲਜੀਤ ਸਿੰਘ ਨੇ ਵੀ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫ਼ੈਸਰ ਡਾ. ਰਮਿੰਦਰ ਕੌਰ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ। ਮੰਚ ਸੰਚਾਲਨ ਸੈਮੀਨਾਰ ਦੇ ਕੋਆਰਡੀਨੇਟਰ ਡਾ. ਕੁਲਦੀਪ ਸਿੰਘ ਨੇ ਕੀਤਾ।
