ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਹੀਦੀ ਸ਼ਤਾਬਦੀ: ਸਾਈਕਲ ਯਾਤਰਾ ਅੰਮ੍ਰਿਤਸਰ ਪੁੱਜ ਕੇ ਸਮਾਪਤ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਣੇ ਹੋਰ ਸ਼ਖ਼ਸੀਅਤਾਂ ਵੱਲੋਂ ਸਵਾਗਤ
Advertisement
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਸੀਸ ਗੰਜ ਦਿੱਲੀ ਤੋਂ ਆਰੰਭ ਹੋਈ ਸਾਈਕਲ ਯਾਤਰਾ ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਪਹੁੰਚ ਕੇ ਸਮਾਪਤ ਹੋਈ। ਯਾਤਰਾ ਦੇ ਅੰਮ੍ਰਿਤਸਰ ਪੁੱਜਣ ’ਤੇ ਗੋਲਡਨ ਗੇਟ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀਵਾਲਿਆਂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸਵਾਗਤ ਕੀਤਾ ਗਿਆ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਂਦਿਆਂ ਸ਼੍ਰੋਮਣੀ ਕਮੇਟੀ ਦਾ ਮਨੋਰਥ ਸੀ ਕਿ ਦੇਸ਼ ਦੁਨੀਆਂ ਅੰਦਰ ਇਹ ਸੰਦੇਸ਼ ਪਹੁੰਚਾਇਆ ਜਾਵੇ ਕਿ ਜੇਕਰ ਗੁਰੂ ਤੇਗ ਬਹਾਦਰ ਸ਼ਹਾਦਤ ਨਾ ਦਿੰਦੇ ਤਾਂ ਦੇਸ਼ ਦੀ ਰਾਜਨੀਤੀ, ਸੱਭਿਆਚਾਰ ਅਤੇ ਧਾਰਮਿਕ ਅਜ਼ਾਦੀ ਕਿਵੇਂ ਦੀ ਹੁੰਦੀ? ਉਨ੍ਹਾਂ ਕਿਹਾ ਕਿ ਦੇਸ਼ ਭਰ ਅੰਦਰ ਕਰਵਾਏ ਗਏ ਗੁਰਮਤਿ ਸਮਾਗਮ ਅਤੇ ਸਜਾਏ ਜਾ ਰਹੇ ਨਗਰ ਕੀਰਤਨ ਅਤੇ ਯਾਤਰਾਵਾਂ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਦੇ ਸੰਕਲਪ ਅਤੇ ਉਪਦੇਸ਼ਾਂ ਤੋਂ ਸੰਗਤ ਨੂੰ ਜਾਣੂ ਕਰਵਾਉਣ ਲਈ ਪ੍ਰੇਰਨਾਸਰੋਤ ਬਣੀਆਂ ਹਨ। ਇਸੇ ਲੜੀ ਤਹਿਤ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਗੁਰੂ ਸਾਹਿਬ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਉਨ੍ਹਾਂ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਸਜਾਈ ਇਹ ਸਾਈਕਲ ਯਾਤਰਾ ਸ਼ਤਾਬਦੀ ਪ੍ਰਤੀ ਚੇਤਨਤਾ ਪੈਦਾ ਕਰ ਰਹੀ ਹੈ ਅਤੇ ਇਸ ਨੇ ਗੁਰੂ ਉਪਦੇਸ਼ਾਂ ਅਨੁਸਾਰ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਵੀ ਦਿੱਤਾ ਹੈ।

Advertisement

ਇਸੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਸ਼ਤਾਬਦੀ ਦਿਹਾੜੇ ਸੰਗਤ ਲਈ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੁੜਨ ਅਤੇ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਬਹੁਮੁੱਲੇ ਉਪਦੇਸ਼ਾਂ ਨੂੰ ਜੀਵਨ ਵਿੱਚ ਧਾਰਨ ਦਾ ਮੌਕਾ ਹਨ। ਇਸੇ ਦੌਰਾਨ ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀਵਾਲਿਆਂ ਨੇ ਵੀ ਸਾਈਕਲ ਯਾਤਰਾ ਦਾ ਸਵਾਗਤ ਕਰਦਿਆਂ ਇਸ ਉਪਰਾਲੇ ਦੇ ਸੁਨੇਹੇ ਨੂੰ ਸਮਝਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਵਸਾਉਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਵੱਧ ਤੋਂ ਵੱਧ ਰੁਖ਼ ਲਗਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਵਾਗਤ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਿੱਖ ਸੰਸਥਾਵਾਂ ਦੇ ਨਾਲ-ਨਾਲ ਰਸਤੇ ਵਿਚ ਸੰਗਤਾਂ ਵੱਲੋਂ ਦਿੱਤੇ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ। ਸਾਈਕਲ ਯਾਤਰਾ ਦਾ ਸ਼੍ਰੋਮਣੀ ਕਮੇਟੀ, ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀਵਾਲੇ ਸਮੇਤ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਦਲ ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ ਵੱਲੋਂ ਪੁੱਜੇ ਸਿੱਖਾਂ ਨੇ ਵੀ ਸਵਾਗਤ ਕੀਤਾ।

 

Advertisement
Show comments