ਮੇਜਰ ਤ੍ਰਿਪਤਪ੍ਰੀਤ ਸਿੰਘ ਦਾ ਸ਼ੌਰਿਆ ਚੱਕਰ ਐਵਾਰਡ ਨਾਲ ਸਨਮਾਨ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 26 ਮਈ
ਭਾਰਤੀ ਫ਼ੌਜ ਦੇ ਮੇਜਰ ਤ੍ਰਿਪਤਪ੍ਰੀਤ ਸਿੰਘ ਪੱਡਾ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸ਼ੌਰਿਆ ਚੱਕਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹ ਪਿੰਡ ਧਾਰੀਵਾਲ ਕਲਾਂ ਦੇ ਵਾਸੀ ਹਰਦਿਆਲ ਸਿੰਘ ਪੱਡਾ ਤੇ ਦਲਜੀਤ ਕੌਰ ਪੱਡਾ ਦੇ ਪੁੱਤਰ ਹਨ। ਮੇਜਰ ਪੱਡਾ ਨੇ ਪਿਛਲੇ ਸਾਲ ਸ਼ੋਪੀਆਂ ਜ਼ਿਲ੍ਹੇ ਵਿੱਚ ਲਸ਼ਕਰ-ਏ-ਤਇਬਾ ਦੇ ਮੁੱਖ ਕਮਾਂਡਰ ਅਤਿਵਾਦੀ ਨੂੰ ਮਾਰਿਆ ਸੀ, ਜੋ 2017 ਵਿੱਚ ਲੈਫਟੀਨੈਂਟ ਉਮਰ ਫੈਯਾਜ਼ ਦੀ ਮੌਤ ਲਈ ਜ਼ਿੰਮੇਵਾਰ ਸੀ। ਵੱਖ ਵੱਖ ਅਪਰੇਸ਼ਨਾਂ ਦੀ ਅਗਵਾਈ ਕਰਦਿਆਂ ਮੇਜਰ ਪੱਡਾ ਨੇ ਉੱਚਕੋਟੀ ਦੇ 9 ਅਤਿਵਾਦੀ ਮਾਰੇ। ਸ਼ੌਰਿਆ ਚੱਕਰ ਪ੍ਰਾਪਤ ਕਰਨ ਮਗਰੋਂ ਪਿੰਡ ਧਾਰੀਵਾਲ ਕਲਾਂ ਪਹੁੰਚਣ ’ਤੇ ਮੇਜਰ ਤ੍ਰਿਪਤਪ੍ਰੀਤ ਸਿੰਘ ਪੱਡਾ ਦਾ ਪਿੰਡ ਵਾਸੀਆਂ, ਪਰਿਵਾਰਕ ਮੈਂਬਰਾਂ ਤੇ ਹੋਰ ਪਤਵੰਤਿਆਂ ਭਰਵਾਂ ਸਵਾਗਤ ਕੀਤਾ ਗਿਆ।
ਮੇਜਰ ਪੱਡਾ ਨੇ ਦੱਸਿਆ ਕਿ ਸੈਨਿਕ ਸਕੂਲ ਕਪੂਰਥਲਾ ਤੋਂ ਪੜ੍ਹਾਈ ਕਰ ਕੇ ਉਹ 2011 ਤੋਂ 2014 ਤੱਕ ਐੱਨ.ਡੀ.ਏ ਪੂਨੇ ਵਿੱਚ ਰਹੇ। ਸੰਨ 2015 ਵਿੱਚ ਆਈ.ਐਮ.ਏ. (ਇੰਡੀਅਨ ਮਿਲਟਰੀ ਅਕੈਡਮੀ) ਦੇਹਰਾਦੂਨ ਤੋਂ ਰਾਸ਼ਟਰਪਤੀ ਕਮਿਸ਼ਨ ਲੈ ਕੇ ਭਾਰਤੀ ਫੌਜ ਦੀ ਤਿੰਨ ਰਾਜਪੂਤ ਰੈਜ਼ੀਮੈਂਟ ਵਿੱਚ ਬਤੌਰ ਲੈਫਟੀਨੈਂਟ ਭਰਤੀ ਹੋਏ। ਇਸ ਦੌਰਾਨ ਦਹਿਸਤਗਰਦਾਂ ਖਿਲਾਫ ਕਈ ਅਪਰੇਸ਼ਨਾਂ ਦਾ ਹਿੱਸਾ ਬਣੇ ਅਤੇ ਝਾੜਬਾੜੀ ਵਿੱਚ ਦੋ ਅਤਿਵਾਦੀਆਂ ਨੂੰ ਘਾਤ ਲਾ ਕੇ ਮਾਰਨ ’ਤੇ 26 ਜਨਵਰੀ 2017 ਨੂੰ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਪਹਿਲਾ ਬਹਾਦਰੀ ਪੁਰਸਕਾਰ ਮਿਲਿਆ। ਅਸਾਮ ਵਿੱਚ ਹੀ 2017 ਦੌਰਾਨ ਦਹਿਸ਼ਤਗਰਦਾਂ ਨਾਲ ਗੋਲੀਬਾਰੀ ’ਚ ਗੋਲੀ ਲੱਗਣ ਕਾਰਨ ਉਨ੍ਹਾਂ ਨੂੰ ਬੈਟਲ ਕੈਜ਼ੁਅਲਟੀ ਦਾ ਦਰਜਾ ਵੀ ਹਾਸਲ ਹੋਇਆ। 2021 ਤੋਂ 2024 ਤੱਕ 34 ਰਾਸ਼ਟਰੀ ਰਾਇਫਲਜ਼ (ਜਾਟ) ਵਿੱਚ ਮੇਜਰ ਪੱਡਾ ਨੇ ਲਸ਼ਕਰ-ਏ-ਤਇਬਾ, ਹਿਜ਼ਬੁਲ ਮੁਜ਼ਾਹਿਦੀਨ ਤੇ ਜੈਸ਼-ਏ-ਮੁਹੰਮਦ ਦੇ ਖਿਲਾਫ ਕਾਫੀ ਅਪਰੇਸ਼ਨ ਲੀਡ ਕੀਤੇ। ਇਸ ਮੌਕੇ ਮੇਜਰ ਪੱਡਾ ਦੀ ਪਤਨੀ ਸੀਰਤ ਪੱਡਾ, ਬੇਟੀ ਸਰਗੁਨ ਕੌਰ, ਪਿਤਾ ਹਰਦਿਆਲ ਸਿੰਘ, ਮਾਤਾ ਦਲਜੀਤ ਕੌਰ, ਦਾਦੀ ਗੁਰਮੀਤ ਕੌਰ, ਮਾਮਾ ਹਰਿੰਦਰ ਸਿੰਘ ਔਲਖ, ਚਾਚਾ ਹਰਪਾਲ ਸਿੰਘ, ਸਾਬਕਾ ਸਰਪੰਚ ਨੱਥਾ ਸਿੰਘ ਤਲਵੰਡੀ, ਭਜਨ ਸਿੰਘ ਰੰਧਾਵਾ, ਬਲਵਿੰਦਰ ਸਿੰਘ ਨੈਨੇਕੋਟ, ਜਥੇ.ਰਤਨ ਸਿੰਘ ਪੱਡਾ ਆਦਿ ਮੇਜਰ ਪੱਡਾ ਦੀ ਬਹਾਦੁਰੀ ’ਤੇ ਮਿਲੇ ਸਨਮਾਨ ਦਾ ਮਾਣ ਮਹਿਸੂਸ ਕਰ ਹੇ ਸਨ।