ਲੋਕ ਰਾਜ ਪੰਜਾਬ ਵੱਲੋਂ ਰੱਖੜ ਪੁੰਨਿਆ ਮੇਲੇ ’ਤੇ ‘ਮੀਰੀ-ਪੀਰੀ’ ਕਾਨਫ਼ਰੰਸ ਦਾ ਫ਼ੈਸਲਾ
‘ਲੋਕ-ਰਾਜ’ ਪੰਜਾਬ, ‘ਗੁਰੂ-ਅਦਬ’ ਮੋਰਚਾ ਸਰਹਿੰਦ ਅਤੇ ਸੱਭਿਆਚਾਰ ਅਤੇ ਵਿਰਸਾ ਸੰਭਾਲ ਮੰਚ ਨੇ ਬਾਬਾ-ਬਕਾਲਾ ਸਾਹਿਬ ਵਿਖੇ ਰੱਖੜ-ਪੁੰਨਿਆਂ ਦੇ ਜੋੜ ਮੇਲੇ ’ਤੇ ਜੁੜਨ ਵਾਲੀ ਸਿੱਖ ਸੰਗਤ ਨਾਲ ਪੰਥ ਅਤੇ ਪੰਜਾਬ ਦੇ ਭਖਦੇ ਗੰਭੀਰ ਮਸਲੇ ਵਿਚਾਰਨ ਲਈ, ‘ਮੀਰੀ-ਪੀਰੀ ਕਾਨਫ਼ਰੰਸ’ ਕਰਨ ਦਾ ਫ਼ੈਸਲਾ ਕੀਤਾ ਹੈ। ਲੋਕ ਰਾਜ ਸੰਗਠਨ ਦੇ ਪ੍ਰਧਾਨ ਅਤੇ ਸੱਭਿਅਚਾਰ ਤੇ ਵਿਰਸਾ ਸੰਭਾਲ ਮੰਚ ਦੇ ਕਨਵੀਨਰ ਡਾ. ਮਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਰੱਖੜ ਪੁੰਨਿਆ ਦੇ ਜੋੜੇ ਮੇਲੇ ਤੇ ਬਾਬਾ ਬਕਾਲਾ ਵਿਖੇ 9 ਅਗਸਤ ਨੂੰ ਹੋਣ ਵਾਲੀ ਮੀਰੀ-ਪੀਰੀ ਪੰਥਕ ਕਾਨਫ਼ਰੰਸ ਵਿੱਚ, ਪੰਥ ਅਤੇ ਪੰਜਾਬ ਦੇ ਪੰਜ ਭਖ਼ਦੇ ਅਹਿਮ ਮੁੱਦੇ ਵਿਚਾਰੇ ਜਾਣਗੇ। ਇਨ੍ਹਾਂ ਮੁੱਦਿਆਂ ’ਚ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਅਤੇ ਹੁਕਮਨਾਮੇ ਤੇ ਤਖ਼ਤਾਂ ਦੀ ਗੁਰਮਰਿਆਦਾ ਦੇ ਪੰਥਕ ਮੁੱਦੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਨਸਲਾਂ-ਫ਼ਸਲਾਂ-ਪੰਜਾਬ ਬਚਾਓ ਦੇ ਤਿੰਨ ਮੁੱਦੇ ਜਬਰੀ ਜ਼ਮੀਨ ਖੋਹਣ ਦੀ ਲੈਂਡ ਪੂਲਿੰਗ ਪਾਲਸੀ ਰੱਦ ਕਰਵਾਉਣ ਤੇ ਅੰਨ੍ਹੇ ਪੁਲਸ ਜਬਰ ਨੂੰ ਠੱਲ੍ਹ ਪਾਉਣ, ਦਰਿਆਈ ਪਾਣੀਆਂ ਦੀ ਲੁੱਟ ਵਿਰੁੱਧ ਭਾਖੜਾ ਤੇ ਪੌਂਗ ਡੈਮਾਂ ਦਾ ਕੰਟਰੋਲ ਲੈਣ ਤੋਂ ਇਲਾਵਾ ਪ੍ਰਦੂਸ਼ਤ ਇੰਡਸਟਰੀ ਦੇ ਨਸਲਾਂ ਮਾਰੂ ਪ੍ਰਭਾਵ ਤੋਂ ਪੰਜਾਬ ਨੂੰ ਬਚਾਉਣ ਲਈ ਲੋਕ-ਲਹਿਰ ਉਸਾਰਨ ਦੀ ਰੂਪ-ਰੇਖਾ ਤੈਅ ਕਰਨ ਲਈ ਵਿਚਾਰਾਂ ਹੋਣਗੀਆਂ।