ਖ਼ਾਲਸਾ ਯੂਨੀਵਰਸਿਟੀ ਵੱਲੋਂ ਵੈੱਬਸਾਈਟ ਲਾਂਚ
ਯੂ.ਜੀ.ਸੀ. ਵੱਲੋਂ ਨਿੱਜੀ ਯੂਨੀਵਰਸਿਟੀਆਂ ਦੀ ਸੂਚੀ ’ਚ ਆਪਣਾ ਨਾਂ ਸ਼ਾਮਲ ਕਰਨ ਦੀ ਮਾਨਤਾ ਤੋਂ ਬਾਅਦ ਖ਼ਾਲਸਾ ਯੂਨੀਵਰਸਿਟੀ ਦੀ ਨਵੀਂ ਆਨਲਾਈਨ ਵੈੱਬਸਾਈਟ ਲਾਂਚ ਕੀਤੀ ਗਈ। ਵੀਸੀ ਡਾ. ਮਹਿਲ ਸਿੰਘ ਨੇ ‘ਖ਼ਾਲਸਾਯੂਨੀਵਰਸਿਟੀ.ਏਸੀ.ਆਈਐੱਨ.’ ਦੇ ਸਿਰਲੇਖ ਹੇਠ ਲਾਂਚ ਕੀਤੀ ਵੈੱਬਸਾਈਟ ਬਾਰੇ ਕਿਹਾ ਕਿ ਇਹ ਵੈੱਬਸਾਈਟ ਵਿਦਿਆਰਥੀਆਂ ਨੂੰ ਹਰ ਸੂਚਨਾ ਦੇਣ ਦਾ ਆਨਲਾਈਨ ਜ਼ਰੀਆ ਹੋਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੋਂ ਇਲਾਵਾ ਲੋਕ ਨਵੀਂ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਦਾਖਲਿਆਂ ਅਤੇ ਹੋਰਨਾਂ ਸਹੂਲਤਾਂ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ’ਵਰਸਿਟੀ ਵੱਲੋਂ ਅਕਾਦਮਿਕ ਸੈਸ਼ਨ 2025-26 ਲਈ ਵੱਖ-ਵੱਖ ਫੈਕਲਟੀਆਂ ’ਚ ਦਾਖਲੇ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਫੈਕਲਟੀ ਜਿਵੇਂ ਆਰਟਸ, ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ, ਕਾਮਰਸ ਅਤੇ ਮੈਨੇਜਮੈਂਟ, ਬੇਸਿਕ ਅਤੇ ਅਪਲਾਈਡ ਸਾਇੰਸਜ਼, ਲਾਈਫ ਸਾਇੰਸਜ਼ ਅਤੇ ਕੰਪਿਊਟਰ ਸਾਇੰਸ, ਇੰਜਨੀਅਰਿੰਗ ਅਤੇ ਤਕਨਾਲੋਜੀ, ਕਾਨੂੰਨੀ ਵਿਗਿਆਨ, ਸਿੱਖਿਆ ਅਤੇ ਖੇਡ ਵਿਗਿਆਨ, ਫਾਰਮਾਸਿਊਟੀਕਲ ਸਾਇੰਸਸ ਆਦਿ ’ਚ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਅਤੇ ਪੀਐੱਚ.ਡੀ. ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ। ਇਸ ਦੌਰਾਨ ਰਜਿਸਟਰਾਰ ਡਾ. ਖੁਸ਼ਿਵੰਦਰ ਕੁਮਾਰ ਨੇ ਕਿਹਾ ਕਿ ਇਹ ਸੁਵਿਧਾ ਆਮ ਲੋਕਾਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਇੱਕ ਕਲਿੱਕ ਕਰਨ ਨਾਲ ਮੁਹੱਈਆ ਹੋਵੇਗੀ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸ਼ਾਨਦਾਰ ਇਤਿਹਾਸ ਅਤੇ ਜਾਣਕਾਰੀ ਨਾਲ ਸਬੰਧਤ ਵਰਚੁਅਲ ਟੂਰ ਅਤੇ ਵੀਡੀਓ ਆਦਿ ਤੋਂ ਇਲਾਵਾ ਹਰ ਤਰ੍ਹਾਂ ਦੀ ਜਾਣਕਾਰੀ ਸਾਈਟ ’ਤੇ ਉਪਲਬਧ ਹੋਵੇਗੀ।