ਖ਼ਾਲਸਾ ਕਾਲਜ ਦਾ ਇਨਵੌਫ ਟੈਕਨਾਲੋਜੀਜ਼ ਨਾਲ ਸਮਝੌਤਾ
ਖ਼ਾਲਸਾ ਕਾਲਜ ਦੇ ਸਕੂਲ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਨੇ ਯੂਨਾਈਟਿਡ ਕਿੰਗਡਮ ਦੀ ਪ੍ਰਮੁੱਖ ਟੈਕਨਾਲੋਜੀ ਕੰਪਨੀ ਇਨਵੌਫ ਟੈਕਨਾਲੋਜੀਜ਼ ਨਾਲ ਮਹੱਤਵਪੂਰਨ ਸਮਝੌਤਾ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਸਮਝੌਤੇ ਦਾ ਮੁੱਖ ਉਦੇਸ਼ ਅਕਾਦਮਿਕ ਸੰਸਥਾਵਾਂ ਅਤੇ ਉਦਯੋਗ ਦੇ ਵਿਚਕਾਰ ਸਹਿਯੋਗੀ ਮਾਹੌਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਭਾਈਚਾਰਾ ਰੁਜ਼ਗਾਰ ਯੋਗਤਾ ’ਚ ਵਾਧਾ ਕਰਨ, ਤਕਨਾਲੋਜਿਕ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਅਕਾਦਮਿਕ ਪਾਠਕ੍ਰਮ ਨੂੰ ਵਿਸ਼ਵ ਪੱਧਰੀ ਮਿਆਰਾਂ ਦੇ ਅਨੁਕੂਲ ਬਣਾਉਣ ਲਈ ਤਤਪਰ ਹੈ। ਇਸ ਸਮਝੌਤੇ ਅਧੀਨ ਇਨਵੌਫ ਟੈਕਨਾਲੋਜੀਜ਼ ਵਿਦਿਆਰਥੀਆਂ ਨੂੰ ਇੰਟਰਨਸ਼ਿਪ, ਲਾਈਵ ਪ੍ਰਾਜੈਕਟਾਂ ਅਤੇ ਸੰਭਾਵਿਤ ਭਰਤੀ ਦੇ ਮੌਕੇ ਦੇਵੇਗੀ।
ਉਨ੍ਹਾਂ ਵਿਦਿਆਰਥੀਆਂ ਦੀ ਭਵਿੱਖੀ ਤਿਆਰੀ ’ਚ ਉਦਯੋਗਿਕ ਅਨੁਭਵ ਅਤੇ ਵਿਸ਼ਵ ਪੱਧਰੀ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਮੀਦ ਪ੍ਰਗਟਾਈ ਕਿ ਇਨਵੌਫ ਟੈਕਨਾਲੋਜੀਜ਼ ਨਾਲ ਇਹ ਭਾਈਚਾਰਾ ਵਿਦਿਆਰਥੀਆਂ ਲਈ ਨਵਾਂ ਕੁਝ ਸਿੱਖਣ ਲਈ ਰਾਹ ਪੱਧਰਾ ਕਰੇਗਾ। ਉਨ੍ਹਾਂ ਐਪਲੀਕੇਸ਼ਨਜ਼ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮਝੌਤਾ ਪੰਜ ਸਾਲਾਂ ਲਈ ਲਾਗੂ ਰਹੇਗਾ ਅਤੇ ਇਸ ਅਧੀਨ ਸਾਂਝੇ ਪ੍ਰਾਜੈਕਟਾਂ, ਗਿਆਨ ਦੇ ਅਦਾਨ-ਪ੍ਰਦਾਨ ਅਤੇ ਮੁੱਲ ਵਧਾਉਣ ਵਾਲੀਆਂ ਤਾਲੀਮੀ ਗਤੀਵਿਧੀਆਂ ਲਈ ਰਣਨੀਤਕ ਢਾਂਚਾ ਦਿੱਤਾ ਗਿਆ ਹੈ।
ਇਸ ਮੌਕੇ ਡਾ. ਹਰਭਜਨ ਸਿੰਘ ਰੰਧਾਵਾ, ਪ੍ਰੋ. ਸੁਖਵਿੰਦਰ ਕੌਰ, ਡਾ. ਮਨੀ ਅਰੋੜਾ, ਡਾ. ਅਨੁਰੀਤ ਕੌਰ ਵੀ ਮੌਜੂਦ ਸਨ।