ਕਟਾਰੂਚੱਕ ਵੱਲੋਂ ਹਲਕਾ ਭੋਆ ’ਚ ਸੜਕਾਂ ਦੇ ਕੰਮ ਦਾ ਜਾਇਜ਼ਾ
ਸਡ਼ਕਾਂ ਦੇ ਨਿਰਮਾਣ ਵਿੱਚ ਗੁਣਵੱਤਾ ਕਾਇਮ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਆਦੇਸ਼
Advertisement
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਘਰੋਟਾ-ਦੀਨਾਨਗਰ ਰੋਡ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਉਪਰਾਲਿਆਂ ਸਦਕਾਂ ਵਿਧਾਨ ਸਭਾ ਹਲਕਾ ਭੋਆ ਨੂੰ ਅਜਿਹੇ ਮੁੱਖ ਮਾਰਗ ਮਿਲੇ ਹਨ ਜੋ ਲੰਮੇ ਸਮੇਂ ਤੋਂ ਕਿਸੇ ਕਾਰਨਾਂ ਕਰਕੇ ਬਣੇ ਨਹੀਂ ਸਨ ਅਤੇ ਇਨ੍ਹਾਂ ਮਾਰਗਾਂ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੋ ਗਈ ਸੀ ਕਿ ਇੱਥੋਂ ਲੋਕਾਂ ਦਾ ਲੰਘਣਾ ਦੁੱਭਰ ਹੋ ਗਿਆ ਸੀ। ਬਾਅਦ ਵਿੱਚ ਮੰਤਰੀ ਨੇ ਤਾਰਾਗੜ੍ਹ ਤੋਂ ਧੋਬੜਾ ਅਤੇ ਸ਼ੇਰਪੁਰ ਤੋਂ ਪੰਜੋਰ ਤੱਕ ਚੱਲ ਰਹੇ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਵੀ ਨਿਰੀਖਣ ਕੀਤਾ। ਇਸ ਮੌਕੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ ਸੈਣੀ, ਸੰਗਠਨ ਸਕੱਤਰ ਪਵਨ ਕੁਮਾਰ ਫੌਜੀ, ਬਲਾਕ ਪ੍ਰਧਾਨ ਸੰਦੀਪ ਕੁਮਾਰ ਅਤੇ ਖੁਸ਼ਬੀਰ ਕਾਟਲ ਹਾਜ਼ਰ ਸਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਘਰੋਟਾ-ਦੀਨਾਨਗਰ ਰੋਡ ਦੇ ਨਿਰਮਾਣ ’ਤੇ 9.65 ਕਰੋੜ ਰੁਪਏ ਖਰਚੇ ਜਾ ਰਹੇ ਹਨ ਅਤੇ ਇਹ ਰੋਡ ਪਿਛਲੇ ਕਈ ਸਾਲਾਂ ਤੋਂ ਨਹੀਂ ਬਣੀ ਸੀ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਆਦੇਸ਼ ਦਿੱਤਾ ਕਿ ਸੜਕ ਮਿਆਰੀ ਬਣਾਈ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਾਰਗ ਸ਼ਹੀਦ ਗੁਰਬਚਨ ਸਿੰਘ ਸਲਾਰੀਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਬੌਲੀਵੁੱਡ ਸਟਾਰ ਦੇਵਾ ਆਨੰਦ ਦੇ ਜੱਦੀ ਪਿੰਡ ਘਰੋਟਾ ਨੂੰ ਵੀ ਇਹ ਮਾਰਗ ਜੋੜਦਾ ਹੈ।
Advertisement
Advertisement