ਜਨਮ ਅਸ਼ਟਮੀ: ਮੰਦਰਾਂ ’ਚ ਸਜਾਵਟ
ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਉਣ ਲਈ ਮੰਦਰਾਂ ਦੇ ਆਲੇ-ਦੁਆਲੇ ਅਤੇ ਸੜਕਾਂ ਦੀ ਸਾਫ-ਸਫ਼ਾਈ ਦੇ ਉਚੇਚੇ ਪ੍ਰਬੰਧ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ। ਨਿਗਮ ਦੇ ਸਿਵਲ, ਓ.ਐਂਡ.ਐੱਮ, ਅਸਟੇਟ ਵਿਭਾਗ ਅਤੇ ਸਟਰੀਟ ਲਾਇਟ ਵਿੰਗ ਨੂੰ ਵੀ ਇਨਾਂ ਸਾਰੀਆਂ ਥਾਵਾਂ ‘ਤੇ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਪਿਛਲੇ ਦਿਨੀਂ ਕਮਿਸ਼ਨਰ ਗੁਲਪ੍ਰੀਤ ਸਿੰਘ ਦੀ ਪਹਿਲ ’ਤੇ ਸ਼ਹਿਰ ਦੀਆਂ ਸੜਕਾਂ ਦੇ ਸੁੰਦਰੀਕਰਨ ਲਈ ਵਿਸ਼ੇਸ਼ ਅਭਿਆਨ ਗੋਲਡਨ ਗੇਟ ਤੋੋਂ ਸ੍ਰੀ ਦਰਬਾਰ ਸਾਹਿਬ ਤੱਕ ਚਲਾਇਆ ਗਿਆ ਸੀ। ਇਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਤੇ ਸਮਾਜਸੇਵੀ ਸੰਸਥਾਵਾ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਸ਼ਹਿਰ ਵਾਸੀਆਂ ਵਲੋਂ ਨਿਗਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਸੀ। ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਸਹਿਰ ਦੀਆਂ ਸੜਕਾਂ ਦੀ ਸਾਫ-ਸਫਾਈ ਪੱਖੋਂ ਬਹੁਤ ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਲੱਖਾਂ ਸਰਧਾਲੂ ਸ਼ਹਿਰ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਹਨ ਜਿਸ ਕਰਕੇ ਸਫਾਈ ਦੇ ਨਾਲ ਨਾਲ ਸਿਵਲ, ਓ.ਐਂਡ.ਐਮ ਦੇ ਕੰਮਾਂ ਤੋਂ ਇਲਾਵਾ ਸੜਕਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਹੈ ਅਤੇ ਖਰਾਬ ਪਏ ਸਟਰੀਟ ਲਾਇਟ ਪੁਆਇੰਟ ਠੀਕ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਮਨਾਉਣ ਲਈ ਉਨ੍ਹਾਂ ਵੱਲੋਂ ਨਿਗਮ ਦੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸ਼ਹਿਰ ਵਿੱਚ ਸਥਿਤ ਸਾਰੇ ਮੰਦਰਾਂ ਦੇ ਆਲੇ-ਦੁਆਲੇ ਅਤੇ ਇਹਨਾਂ ਮੰਦਰਾਂ ਨੂੰ ਜਾਣ ਵਾਲੀਆਂ ਸੜਕਾਂ ‘ਤੇ ਸਾਫ-ਸਫਾਈ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਕੂੜੇ ਅਤੇ ਮਲਬੇ ਦੇ ਢੇਰ ਚੁੱਕੇ ਜਾਣ, ਇਨ੍ਹਾਂ ਸੜਕਾਂ ’ਤੇ ਨਾਜਾਇਜ਼ ਰੇਹੜੀਆਂ ਆਦਿ ਨਾ ਲੱਗਣ ਦਿੱਤੀਆਂ ਜਾਣ, ਸੜਕਾਂ ਦੀ ਮੁਰੰਮਤ ਤੇ ਪੈਚ ਵਰਕ ਦਾ ਕੰਮ ਕੀਤਾ ਜਾਵੇ।