ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਤਰ-’ਵਰਸਿਟੀ ਯੁਵਕ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ

ਆਖ਼ਰੀ ਦਿਨ ਗਿੱਧੇ ਤੇ ਲੋਕ ਸਾਜ਼ਾਂ ਦੀ ਪੇਸ਼ਕਾਰੀ; ਲਵਲੀ ਯੂਨੀਵਰਸਿਟੀ ਨੇ ਟਰਾਫੀ ਜਿੱਤੀ
ਯੁਵਕ ਮੇਲੇ ਦੇ ਆਖ਼ਰੀ ਦਿਨ ਗਿੱਧਾ ਪਾਉਂਦੀਆਂ ਹੋਈਆਂ ਮੁਟਿਆਰਾਂ। -ਫੋਟੋ: ਵਿਸ਼ਾਲ ਕੁਮਾਰ
Advertisement

ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕਰਵਾਇਆ ਗਿਆ ਚਾਰ ਰੋਜ਼ਾ ਅੰਤਰ-’ਵਰਸਿਟੀ ਯੁਵਕ ਮੇਲਾ ਅੱਜ ਚੌਥੇ ਦਿਨ ਗਿੱਧੇ ਦੀਆਂ ਧਮਾਲਾਂ ਅਤੇ ਪੰਜਾਬ ਦੇ ਰਿਵਾਇਤੀ ਲੋਕ ਸਾਜ਼ਾਂ ਦੀ ਸੁਰੀਲੀ ਗੂੰਜ ਨਾਲ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। 21 ਯੂਨੀਵਰਸਿਟੀਆਂ ਦੇ 2500 ਵਿਦਿਆਰਥੀਆਂ ਵੱਲੋਂ 54 ਵੱਖ-ਵੱਖ ਕਲਾ ਵੰਨਗੀਆਂ ਵਿੱਚ ਸ਼ਮੂਲੀਅਤ ਕੀਤੀ ਗਈ। ਸਮੁੱਚੇ ਮੁਕਾਬਲਿਆਂ ਵਿੱਚ ਪ੍ਰਾਪਤ ਅੰਕਾਂ ਦੇ ਕੁੱਲ ਜੋੜ ਦੇ ਆਧਾਰ ’ਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਫਗਵਾੜਾ ਇਸ ਮੇਲੇ ਦੀ ਓਵਰ-ਆਲ ਟਰਾਫ਼ੀ ਜਿੱਤਣ ਵਿੱਚ ਸਫਲ ਰਹੀ। ਦੂਜਾ ਸਥਾਨ ਭਾਵ ਪਹਿਲਾ ਰਨਰਅੱਪ ਐਵਾਰਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਿੱਸੇ ਅਤੇ ਤੀਜਾ ਸਥਾਨ ਭਾਵ ਦੂਜਾ ਰਨਰਅੱਪ ਪੰਜਾਬ ਯੂਨੀਵਰਸਿਟੀ ਦੇ ਹਿੱਸੇ ਆਇਆ। ਯੁਵਕ ਮੇਲੇ ਦੇ ਆਖਰੀ ਦਿਨ ਪਰਮਿੰਦਰ ਗੋਲਡੀ ਚੇਅਰਮੈਨ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਨੇ ਜਿੱਥੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉੱਥੇ ਆਪਣੀਆਂ ਪ੍ਰਰੇਣਾਤਮਕ ਦਲੀਲਾਂ ਨਾਲ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਦੀ ਤਾਕਤ ’ਤੇ ਭਰੋਸਾ ਕਰਦੇ ਹਨ। ਉਨ੍ਹਾਂ ਨੂੰ ਰੁਜ਼ਗਾਰ ਦੇਣ ਲਈ ਕੰਮ ਕਰਨਾ ਸਰਕਾਰ ਦੇ ਤਰਜੀਹੀ ਏਜੰਡਿਆਂ ਵਿੱਚ ਸ਼ਾਮਲ ਹੈ।

ਯੂਨੀਵਰਸਿਟੀ ਦੇ ਦਸਮੇਸ਼ ਹਾਲ ਵਿਚ ਆਪਣੀਆਂ ਭਾਵਨਾਤਮਕ ਸਾਂਝਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹਾਲ ਵੱਡੇ-ਵੱਡੇ ਕਲਾਕਾਰਾਂ ਅਤੇ ਸਾਹਿਤਕਾਰਾਂ ਲਈ ਰਨ-ਵੇਅ ਵਾਂਗ ਹੈ, ਜਿੱਥੋਂ ਉਡਾਣ ਭਰ ਕੇ ਉਹ ਅੱਜ ਉੱਚੀਆਂ ਮੰਜਿ਼ਲਾਂ ਨੂੰ ਪ੍ਰਾਪਤ ਕਰਨ ਦੇ ਯੋਗ ਹੋਏ ਹਨ। ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਕਰਮਜੀਤ ਸਿੰਘ ਨੇ ਸਮਾਪਤੀ ਸਮਾਰੋਹ ਤੇ ਯੁਵਕ ਸੇਵਾਵਾਂ ਵਿਭਾਗ ਦੇ ਇਸ ਉਪਰਾਲੇ ਅਤੇ ਸਮੂਹ ਯੂਨੀਵਰਸਿਟੀਆਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ।

Advertisement

ਉਨ੍ਹਾਂ ਕਿਹਾ ਕਿ ਅਜਿਹੇ ਯੁਵਕ ਮੇਲੇ ਵਿਦਿਆਰਥੀਆਂ ਅੰਦਰ ਸਵੈ-ਵਿਸ਼ਵਾਸ਼ ਭਰਦੇ ਹਨ ਕਿਉਂਕਿ ਮੇਲਿਆਂ ਰਾਹੀਂ ਉਪਲਬਧ ਮੰਚਾਂ ਰਾਹੀਂ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਅਤੇ ਨਿਖਾਰਨ ਦੇ ਮੌਕੇ ਮਿਲਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਦਾ ਨਾਮ ਦੁਨੀਆਂ ਦੇ ਨਕਸ਼ੇ ਉੱਪਰ ਸੁਨਹਿਰੀ ਅੱਖਰਾਂ ਵਿੱਚ ਉੱਕਰ ਦੇਣ ਦੀ ਪ੍ਰਕਿਰਿਆ ਵਿੱਚ ਗੁਰੂ ਨਾਨਕ ਯੂਨੀਵਰਸਿਟੀ ਪੰਜਾਬ ਸਰਕਾਰ ਦੇ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਕੰਮ ਕਰੇਗੀ। ਸਮਾਪਤੀ ਸਮਾਰੋਹ ਉਪਰੰਤ ਪ੍ਰਸਿੱਧ ਲੋਕ ਗਾਇਕ ਵੀਰ ਸਿੰਘ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਅੰਤ ਵਿੱਚ ਵਿਭਾਗ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਨੇ ਸਮੂਹ ਯੂਨੀਵਰਸਿਟੀਆਂ ਦਾ ਧੰਨਵਾਦ ਕੀਤਾ।

Advertisement
Show comments