ਅੰਤਰ-ਜ਼ਿਲ੍ਹਾ ਰਾਜ ਪੱਧਰੀ ਜੂਡੋ ਮੁਕਾਬਲੇ ਸ਼ੁਰੂ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਦੀ ਨਿਗਰਾਨੀ ਹੇਠ 69ਵੇਂ ਅੰਤਰ-ਜ਼ਿਲ੍ਹਾ ਰਾਜ ਪੱਧਰੀ ਜੂਡੋ ਮੁਕਾਬਲੇ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਸ਼ੁਰੂ ਹੋ ਗਏ। ਇਨ੍ਹਾਂ ਮੁਕਾਬਲਿਆਂ ਦੇ ਉਦਘਾਟਨੀ ਸਮਾਗਮ ਵਿੱਚ ‘ਆਪ’ ਦੇ ਹਲਕਾ ਇੰਚਾਰਜ ਚੇਅਰਮੈਨ ਵਿਭੂਤੀ ਸ਼ਰਮਾ ਅਤੇ ਯੂਥ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਸੌਰਭ ਬਹਿਲ ਮੁੱਖ ਮਹਿਮਾਨ ਵਜੋਂ ਤੇ ਬ੍ਰਾਹਮਣ ਸਭਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਸਿੰਘ ਲੱਕੀ ਤੇ ਚੇਅਰਮੈਨ ਅਨਿਲ ਮਹਾਜਨ, ਪੁਨੀਤ ਓਹਰੀ, ਅੰਤਰਰਾਸ਼ਟਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ, ਨਰਿੰਦਰ ਕਾਲਾ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ। ਸਭ ਤੋਂ ਪਹਿਲਾਂ ਮਹਿਮਾਨਾਂ ਨੇ ਸ਼ਮ੍ਹਾਂ ਰੋਸ਼ਨ ਕੀਤੀ। ਉਪਰੰਤ ਵਿਦਿਆਰਥੀਆਂ ਨੇ ਮਾਰਚ ਪਾਸਟ ਕਰ ਕੇ ਸਲਾਮੀ ਦਿੱਤੀ। ਵਿੱਦਿਆ ਮੰਦਰ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਕੋਚ ਕੁਲਵਿੰਦਰ ਸਿੰਘ ਅਨੁਸਾਰ ਪਹਿਲੇ ਦਿਨ ਅੰਡਰ-19 ਲੜਕਿਆਂ ਦੇ 81 ਕਿਲੋ ਭਾਰ ਵਰਗ ਮੁਕਾਬਲੇ ਵਿੱਚ ਹਰਮਨਪ੍ਰੀਤ ਸਿੰਘ ਗੁਰਦਾਸਪੁਰ ਨੇ ਪਹਿਲਾ, ਲੁਧਿਆਣਾ ਦੇ ਸ਼ਿਵਮ ਨੇ ਦੂਜਾ, ਤਰਨਤਾਰਨ ਦੇ ਹਰਮਨਜੋਤ ਸਿੰਘ ਤੇ ਜਲੰਧਰ ਦੇ ਕੁਨਾਲ ਬਰਾੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਨੇ ਦੱਸਿਆ ਕਿ ਇਸ ਰਾਜ ਪੱਧਰੀ ਮੁਕਾਬਲੇ ਵਿੱਚ 23 ਜ਼ਿਲ੍ਹਿਆਂ ਦੇ ਲਗਭਗ 200 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ 10 ਨਵੰਬਰ ਤੋਂ 13 ਨਵੰਬਰ ਤੱਕ ਅੰਡਰ-19 ਲੜਕੇ ਅਤੇ ਲੜਕੀਆਂ ਦੇ ਜੂਡੋ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਲੜਕਿਆਂ ਦੇ ਮੁਕਾਬਲੇ 10 ਨਵੰਬਰ ਤੋਂ 11 ਨਵੰਬਰ ਤੱਕ ਅਤੇ ਲੜਕੀਆਂ ਦੇ ਮੁਕਾਬਲੇ 12 ਅਕਤੂਬਰ ਤੋਂ 13 ਨਵੰਬਰ ਤੱਕ ਹੋਣਗੇ।
