ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਅੰਤਰ-ਕਾਲਜ ਪੰਜਾਬੀ ਪਹਿਰਾਵਾ ਮੁਕਾਬਲਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਅੰਤਰ-ਕਾਲਜ ਪਹਿਰਾਵਾ ਮੁਕਾਬਲਾ ਕੀਤਾ ਗਿਆ। ਇਸ ਮੁਕਾਬਲੇ ਦੇ ਕੋ-ਆਰਡੀਨੇਟਰ ਡੀਨ ਕਾਲਜ ਵਿਕਾਸ ਕੌਂਸਲ ਡਾ. ਸਰੋਜ ਅਰੋੜਾ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਇਹ ਪਹਿਲਾ ਅਜਿਹਾ ਪਹਿਰਾਵਾ ਮੁਕਾਬਲਾ ਸੀ, ਜਿਸ ਵਿੱਚ 25 ਕਾਲਜਾਂ ਦੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ, ਰਵਾਇਤਾਂ ਤੇ ਵਿਰਾਸਤ ਦੀ ਤਸਵੀਰ ਪੇਸ਼ ਕੀਤੀ।
ਮੁਕਾਬਲੇ ’ਚ ਗੱਭਰੂਆਂ ਤੇ ਪੰਜਾਬਣਾਂ ਨੇ ਰੰਗ-ਬਰੰਗੇ ਰਵਾਇਤੀ ਪਹਿਰਾਵਿਆਂ, ਜਿਵੇਂ ਫੁਲਕਾਰੀ, ਚੁੰਨੀ, ਪੱਗ, ਜੁੱਤੀ ਅਤੇ ਰਵਾਇਤੀ ਗਹਿਣਿਆਂ ਵਿੱਚ ਸਜ ਕੇ ਸਟੇਜ ‘ਤੇ ਆਪਣੀ ਪ੍ਰਤਿਭਾ ਦਾ ਜਲਵਾ ਦਿਖਾਇਆ। ਪੰਜਾਬੀ ਲੋਕ-ਧੁਨਾਂ ਅਤੇ ਢੋਲ ਦੀਆਂ ਗੂੰਜਦੀਆਂ ਥਾਪਾਂ ਨੇ ਹਰ ਪੇਸ਼ਕਾਰੀ ਨੂੰ ਮਨਮੋਹਕ ਬਣਾਇਆ।
ਡਾ. ਪਲਵਿੰਦਰ ਸਿੰਘ ਨੇ ਕਿਹਾ, ‘‘ਸਾਡੇ ਕੋਲ ਦੁਨੀਆਂ ਦੀ ਸਭ ਤੋਂ ਅਮੀਰ ਸੱਭਿਆਚਾਰਕ ਵਿਰਾਸਤ ਹੈ, ਜਿਸ ਵਿੱਚ ਸਾਡੀ ਦਸਤਾਰ, ਗੁਫ਼ਤਾਰ ਅਤੇ ਰਫ਼ਤਾਰ ਸ਼ਾਮਲ ਹਨ। ਸਾਨੂੰ ਇਸ ਨੂੰ ਸਹੀ ਪਲੇਟਫਾਰਮ ‘ਤੇ ਪ੍ਰਦਰਸ਼ਿਤ ਕਰਕੇ ਵਿਸ਼ਵ ਨਕਸ਼ੇ ‘ਤੇ ਪੰਜਾਬ ਦੀ ਵਿਲੱਖਣ ਪਛਾਣ ਸਥਾਪਤ ਕਰਨੀ ਚਾਹੀਦੀ ਹੈ।’’ ਰਜਿਸਟਰਾਰ ਡਾ. ਕੇਐੱਸ ਚਾਹਲ ਨੇ ਕਿਹਾ ਕਿ ਭਵਿੱਖ ’ਚ ਵੀ ਇਹ ਮੁਕਾਬਲਾ ਜਾਰੀ ਰੱਖਿਆ ਜਾਵੇਗਾ।
ਮੁਕਾਬਲੇ ਵਿੱਚ ਲੜਕਿਆਂ ਦੇ ਪਹਿਰਾਵਾ ਵਰਗ ’ਚ ਪਹਿਲਾ ਸਥਾਨ ਸਿੱਖ ਨੈਸ਼ਨਲ ਕਾਲਜ ਚਰਨ ਕਮਲ ਬੰਗਾ ਤੋਂ ਕਰਨਦੀਪ ਸਿੰਘ ਤੇ ਦੂਸਰਾ ਸਥਾਨ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਤੋਂ ਜਸਵਿੰਦਰ ਸਿੰਘ ਨੇ ਜਦਕਿ ਲੜਕੀਆਂ ਵਿਚੋਂ ਪਹਿਲਾ ਸਥਾਨ ਹਿੰਦੂ ਕੰਨਿਆ ਕਾਲਜ ਕਪੂਰਥਲਾ ਤੋਂ ਸੁਖਨੂਰ ਹੀਰ ਤੇ ਦੂਜਾ ਸਥਾਨ ਖਾਲਸਾ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਤੋਂ ਰਵੀਜੋਤ ਕੌਰ ਨੇ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।