ਆਜ਼ਾਦੀ ਦਿਵਸ: ਅੰਮ੍ਰਿਤਸਰ ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਹੋਰ ਥਾਵਾਂ ’ਤੇ ਵਿਸ਼ੇਸ਼ ਚੈਕਿੰਗ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਅਗਸਤ
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅੱਜ ਪੁਲੀਸ ਨੇ ਸ਼ਹਿਰ ਵਿੱਚ ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਵੱਖ-ਵੱਖ ਸ਼ਾਪਿੰਗ ਮਾਲਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲੀਸ ਦੇ ਡੀਸੀ ਪਰਮਿੰਦਰ ਸਿੰਘ ਭੰਡਾਲ ਦੀ ਅਗਵਾਈ ਹੇਠ ਪੁਲੀਸ ਨੇ ਰੇਲਵੇ ਸਟੇਸ਼ਨ, ਬੱਸ ਅੱਡੇ, ਹਵਾਈ ਅੱਡੇ ਅਤੇ ਸ਼ਾਪਿੰਗ ਮਾਲ ਸਮੇਤ ਭੀੜ ਵਾਲੇ ਬਾਜ਼ਾਰਾਂ ਵਿੱਚ ਜਾਂਚ ਕੀਤੀ। ਸ਼ਹਿਰ ਦੇ ਅੰਦਰ ਅਤੇ ਬਾਹਰ ਆਉਣ-ਜਾਣ ਵਾਲੇ ਰਸਤਿਆਂ ’ਤੇ ਨਾਕੇ ਲਾਏ ਗਏ ਸਨ। ਇਸ ਤੋਂ ਇਲਾਵਾ ਸ਼ਹਿਰ ਨੂੰ ਤਿੰਨ ਜ਼ੋਨਾਂ ਵਿੱਚ ਵੰਡ ਕੇ ਵੱਖ-ਵੱਖ ਇਲਾਕਿਆਂ ਵਿੱਚ ਫਲੈਗ ਮਾਰਚ ਵੀ ਕੀਤੇ ਗਏ।
ਸ੍ਰੀ ਭੰਡਾਲ ਨੇ ਦੱਸਿਆ ਕਿ ਪੁਲੀਸ ਦੇ ਏਡੀਸੀਪੀ ਹਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੁਲੀਸ ਅਤੇ ਸਵੈਟ ਟੀਮ ਵੱਲੋਂ ਰੇਲਵੇ ਸਟੇਸ਼ਨ ਵਿੱਚ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਚ ਅਪਰੇਸ਼ਨ ਕੀਤਾ ਹੈ ਜਿਸ ਤਹਿਤ ਯਾਤਰੀਆਂ ਦੇ ਸਾਮਾਨ, ਲਾਵਾਰਸ ਵਸਤੂਆਂ ਅਤੇ ਹੋਰ ਗੈਰ ਕਾਨੂੰਨੀ ਪਦਾਰਥਾਂ ਦਾ ਪਤਾ ਲਾਉਣ ਲਈ ਮੈਟਲ ਡਿਟੈਕਟਰ, ਸਕੈਨਰ ਅਤੇ ਖੋਜੀ ਕੁੱਤਿਆਂ ਦੀ ਮਦਦ ਨਾਲ ਜਾਂਚ ਕੀਤੀ ਗਈ। ਵੱਖ-ਵੱਖ ਥਾਵਾਂ ’ਤੇ ਆਉਣ-ਜਾਣ ਵਾਲੇ ਰਸਤਿਆਂ ’ਤੇ ਲਾਏ ਗਏ ਨਾਕਿਆਂ ਦੌਰਾਨ ਵਾਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਵਾਹਨ ਮਾਲਕਾਂ ਕੋਲੋਂ ਵਾਹਨਾਂ ਦੇ ਦਸਤਾਵੇਜ਼ ਬਾਰੇ ਪੁੱਛ-ਗਿੱਛ ਕੀਤੀ ਗਈ ਅਤੇ ਖਾਸ ਕਰਕੇ ਸ਼ੱਕੀ ਵਿਅਕਤੀਆਂ ਕੋਲੋਂ ਵਧੇਰੇ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ। ਸ਼ਹਿਰ ਦੇ ਭੀੜ ਵਾਲੇ ਬਾਜ਼ਾਰਾਂ ਅਤੇ ਅੰਦਰੂਨੀ ਸਿਟੀ ਵਿੱਚ ਫਲੈਗ ਮਾਰਚ ਕੀਤੇ ਗਏ। ਅਧਿਕਾਰੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜੇਕਰ ਉਹ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਦੇਖਣ ਤਾਂ ਇਸ ਬਾਰੇ ਪੁਲੀਸ ਨੂੰ ਸੂਚਿਤ ਕਰਨ।
ਇਸ ਦੌਰਾਨ ਜ਼ਿਲ੍ਹਾ ਦਿਹਾਤੀ ਪੁਲੀਸ ਵੱਲੋਂ ਵੀ ਵੱਖ-ਵੱਖ ਦਿਹਾਤੀ ਖੇਤਰਾਂ ਵਿੱਚ ਸਰਚ ਅਪਰੇਸ਼ਨ ਚਲਾਇਆ ਗਿਆ ਹੈ ਜਿਸ ਤਹਿਤ ਵੱਡੀ ਮਾਤਰਾ ਵਿੱਚ ਦੇਸੀ ਸ਼ਰਾਬ ਤੇ ਲਾਹਨ ਆਦਿ ਬਰਾਮਦ ਕੀਤੀ ਗਈ ਹੈ। ਇਸ ਸਬੰਧ ਵਿੱਚ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਜਲੰਧਰ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ
ਜਲੰਧਰ (ਹਤਿੰਦਰ ਮਹਿਤਾ): ਇੱਥੇ ਆਜ਼ਾਦੀ ਦਿਵਸ ਸਮਾਗਮ ਲਈ ਸੁਰੱਖਿਆ ਸਬੰਧੀ ਇੰਤਜ਼ਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਏਡੀਜੀਪੀ ਟਰੈਫਿਕ ਅਮਰਦੀਪ ਸਿੰਘ ਰਾਏ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਅਤੇ ਸ਼ਹਿਰ ਭਰ ਵਿੱਚ ਸੁਰੱਖਿਆ ਸਬੰਧਾਂ ਦੇ ਮੱਦੇਨਜ਼ਰ ਡਿਊਟੀ ਵਿੱਚ ਲੱਗੇ ਪੁਲੀਸ ਅਧਿਕਾਰੀ ਅਤੇ ਕਰਮਚਾਰੀਆਂ ਬਾਰੇ ਜਾਣਕਾਰੀ ਲਈ ਗਈ। ਇਸ ਮੌਕੇ ਡੀਸੀਪੀ ਸਿਟੀ ਜਗਮੋਹਨ ਸਿੰਘ, ਡੀਸੀਪੀ ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਤੋਂ ਇਲਾਵਾ ਕਮਿਸ਼ਨਰੇਟ ਦੇ ਪੁਲੀਸ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਕਮਿਸ਼ਨਰ ਆਫ਼ ਪੁਲੀਸ ਜਲੰਧਰ ਕੁਲਦੀਪ ਸਿੰਘ ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਦੇ ਆਦੇਸ਼ ਮੁਤਾਬਕ 15 ਅਗਸਤ ਦਾ ਸਮਾਗਮ ਸਬੰਧੀ ਸੁਰੱਖਿਆ ਇੰਤਜ਼ਾਮਾਂ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸੇ ਸਬੰਧ ਵਿੱਚ ਜਲੰਧਰ ਵਿੱਚ ਏਡੀਜਪੀ ਅਮਰਦੀਪ ਸਿੰਘ ਰਾਏ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਚੈਕਿੰਗ ਕੀਤੀ ਗਈ ਹੈ। ਸੁਰੱਖਿਆ ਪ੍ਰਬੰਧਾਂ ਤਹਿਤ ਸ਼ਹਿਰ ਭਰ ਵਿੱਚ ਨਾਕੇ, ਪੈਟਰੋਲਿੰਗ ਟੀਮਾਂ, ਪੀਸੀਆਰ, ਡਾਗ ਸਕੁਐਡ ਅਤੇ ਬੰਬ ਨਿਰੋਧੀ ਟੀਮਾਂ, ਸੀਸੀਟੀਵੀ ਕੈਮਰੇ ਲਾਏ ਗਏ ਹਨ। ਕਮਿਸ਼ਨਰੇਟ ਪੁਲੀਸ ਵੱਲੋਂ ਲਾਏ ਗਏ ਕੈਮਰਿਆਂ ਦਾ ਕੰਟਰੋਲ ਰੂਮ, ਸੀਆਈਡੀ ਅਤੇ ਕਮਿਸ਼ਨਰੇਟ ਵੱਲੋਂ ਸਿਵਲ ਵਰਦੀ ਵਿੱਚ ਲਾਏ ਗਏ ਅਧਿਕਾਰੀ ਅਤੇ ਕਰਮਚਾਰੀ ਡਿਊਟੀ ’ਤੇ ਤਾਇਨਾਤ ਅਲੱਗ-ਅਲੱਗ ਪੁਆਇੰਟਾਂ ’ਤੇ ਡਿਊਟੀ ਕਰ ਰਹੇ ਹਨ ਅਤੇ ਜਿੱਥੇ ਵੀ ਕਮੀ ਅਤੇ ਜ਼ਰੂਰਤ ਮਹਿਸੂਸ ਹੋ ਰਹੀ ਹੈ, ਉਥੇ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ।