ਅੰਮ੍ਰਿਤਸਰ ਤੋਂ ਕੌਮਾਂਤਰੀ ਉਡਾਣਾਂ ਦੀ ਗਿਣਤੀ ’ਚ ਵਾਧਾ
ਇਨ੍ਹਾਂ ਚਾਰ ਏਅਰਲਾਈਨਾਂ ਵੱਲੋਂ ਪਹਿਲੀ ਨਵੰਬਰ ਤੋਂ ਹਫ਼ਤੇ 36 ਉਡਾਣਾਂ ਦੀ ਗਿਣਤੀ 40 ਕੀਤੀ ਜਾਵੇਗੀ। ਮਲੇਸ਼ੀਆ ਏਅਰਲਾਈਨਜ਼ ਇਸ ਵੇਲੇ ਕੁਆਲਾਲੰਪੁਰ-ਅੰਮ੍ਰਿਤਸਰ ਦਰਮਿਆਨ ਹਫ਼ਤੇ ’ਚ 14 ਉਡਾਣਾਂ ਚਲਾ ਰਹੀ ਹੈ। ਨਵੰਬਰ ਮਹੀਨੇ ਤੋਂ ਮੈਲਬਰਨ, ਸਿਡਨੀ, ਪਰਥ, ਐਡੀਲੇਡ ਅਤੇ ਆਕਲੈਂਡ ਲਈ ਆਪਣੀਆਂ ਉਡਾਣਾਂ ਦੀ ਗਿਣਤੀ ’ਚ ਵਾਧਾ ਕਰ ਰਹੀ ਹੈ। ਇਸ ਦੇ ਨਾਲ ਹੀ ਕੁਆਲਾਲੰਪੁਰ ਤੋਂ ਬ੍ਰਿਸਬਨ ਲਈ ਵੀ 29 ਨਵੰਬਰ ਤੋਂ ਹਫ਼ਤੇ ’ਚ 5 ਦਿਨ ਉਡਾਣਾਂ ਸ਼ੁਰੂ ਕਰ ਰਹੀ ਹੈ। ਇਸ ਨਾਲ ਯਾਤਰੀ ਸਿਰਫ਼ 15 ਤੋਂ 19 ਘੰਟਿਆਂ ਵਿੱਚ ਪੰਜਾਬ ਪਹੁੰਚ ਸਕਣਗੇ। ਏਅਰ ਏਸ਼ੀਆ ਵੱਲੋਂ ਵੀ ਪਹਿਲੀ ਨਵੰਬਰ ਤੋਂ ਕੁਆਲਾਲੰਪੁਰ-ਅੰਮ੍ਰਿਤਸਰ ਵਿਚਾਲੇ ਉਡਾਣਾਂ ਦੀ ਗਿਣਤੀ ਹਫ਼ਤੇ ’ਚ ਛੇ ਤੋਂ ਵਧਾ ਕੇ ਅੱਠ ਕੀਤੀ ਜਾ ਰਹੀ ਹੈ। ਸਿੰਗਾਪੁਰ ਏਅਰਲਾਈਨਜ਼ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਨਾਲ ਨਵੰਬਰ ਤੋਂ ਅੰਮ੍ਰਿਤਸਰ-ਸਿੰਗਾਪੁਰ ਦਰਮਿਆਨ ਹਫ਼ਤੇ ਵਿੱਚ ਦਸ ਉਡਾਣਾਂ ਦਾ ਸੰਚਾਲਨ ਕਰੇਗੀ।
ਅੰਮ੍ਰਿਤਸਰ ਤੋਂ ਵਧ ਰਹੇ ਕੌਮਾਂਤਰੀ ਹਵਾਈ ਸੰਪਰਕ ’ਤੇ ਖੁਸ਼ੀ ਪ੍ਰਗਟ ਕਰਦਿਆਂ ਸਮੀਪ ਸਿੰਘ ਨੇ ਕਿਹਾ ਕਿ ਕੁਆਲਾਲੰਪੁਰ, ਸਿੰਗਾਪੁਰ ਅਤੇ ਬੈਂਕਾਕ ਰਾਹੀਂ ਵਧ ਰਹੀ ਉਡਾਣਾਂ ਦੀ ਗਿਣਤੀ ਅੰਮ੍ਰਿਤਸਰ ਹਵਾਈ ਅੱਡੇ ਦੀ ਵਧਦੀ ਮਹੱਤਤਾ ਅਤੇ ਵਿਕਾਸ ਨੂੰ ਦਰਸਾਉਂਦੀ ਹੈ। ਉਨ੍ਹਾਂ ਦੇਸ਼-ਵਿਦੇਸ਼ ’ਚ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੀ ਥਾਂ ਅੰਮ੍ਰਿਤਸਰ ਤੋਂ ਉਡਾਣਾਂ ਲੈਣ ਨੂੰ ਤਰਜੀਹ ਦੇਣ।
