ਤਰਨ-ਤਾਰਨ ਸੀਟ ਬਾਰੇ ਪਾਰਟੀ ਵੱਲੋਂ ਕੀਤਾ ਫ਼ੈਸਲਾ ਕਰਾਂਗੀ ਪ੍ਰਵਾਨ: ਨਵਜੋਤ ਕੌਰ ਹੁੰਦਲ
ਗੁਰਬਖਸ਼ਪੁਰੀ
ਤਰਨ ਤਾਰਨ, 14 ਜੁਲਾਈ
ਤਰਨ ਤਾਰਨ ਦੇ ਸਵਰਗਵਾਸੀ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਪਤਨੀ ਨਵਜੋਤ ਕੌਰ ਹੁੰਦਲ ਨੇ ਪਤੀ ਦੀ ਮੌਤ ਕਰਕੇ ਖਾਲੀ ਹੋ ਗਈ ਤਰਨ ਤਾਰਨ ਦੀ ਸੀਟ ਲਈ ਟਿਕਟ ਦੇ ਮਾਮਲੇ ਬਾਰੇ ਸਪੱਸ਼ਟ ਕਿਹਾ ਕਿ ਉਹ ਪਾਰਟੀ ਵੱਲੋਂ ਕੀਤੇ ਕਿਸੇ ਵੀ ਫ਼ੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ ਅਤੇ ਆਪਣੇ ਪਤੀ ਵਲੋਂ ਆਮ ਆਦਮੀ ਪਾਰਟੀ ਦੀ ਇਲਾਕੇ ਅੰਦਰ ਮਜ਼ਬੂਤੀ ਲਈ ਕੀਤੇ ਕੰਮ ਨੂੰ ਵੀ ਜਾਰੀ ਰੱਖਣਗੇ। ਉਨ੍ਹਾਂ ਰਾਜਨੀਤੀ ਅਤੇ ਸਮਾਜ ਸੇਵਾ ਦੇ ਖੇਤਰ ’ਚ ਆਪਣੇ ਪਤੀ ਦੀਆਂ ਪੈੜਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਦਾ ਐਲਾਨ ਕੀਤਾ ਹੈ। ਅੱਜ ਆਪਣੇ ਗ੍ਰਹਿ ਵਿੱਚ ਵਿਸ਼ੇਸ਼ ਗਲਬਾਤ ਦੌਰਾਨ ਨਵਜੋਤ ਕੌਰ ਹੁੰਦਲ ਨੇ ਕਿਹਾ ਕਿ ਡਾ. ਸੋਹਲ ਵਲੋਂ ਤਿੰਨ ਦਹਾਕੇ ਤੋਂ ਵੀ ਪਹਿਲਾਂ ਗਠਿਤ ਕੀਤੀ ਸਮਾਜ ਸੇਵੀ ਸੰਸਥਾ ਵਿਕਾਸ ਮੰਚ ਪੰਜਾਬ ਰਾਹੀਂ ਜਿਥੇ ਲੋੜਵੰਦਾਂ ਲਈ ਸਿਹਤ ਸੇਵਾਵਾਂ ਲਈ ਕੈਂਪ ਲਗਾਉਂਦੇ ਰਹਿਣਗੇ, ਉਥੇ ਪਿੰਡਾਂ ਅੰਦਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਾਰਜਸ਼ੀਲ ਭੂਮਿਕਾ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਵੱਲੋਂ ਤਰਨ ਤਾਰਨ ਸ਼ਹਿਰ ਦੇ ਵਿਕਾਸ ਦੇ ਜਿਹੜੇ ਮੁੱਦੇ ਪੰਜਾਬ ਵਿਧਾਨ ਸਭਾ ਵਿੱਚ ਉਠਾਏ ਗਏ ਸਨ, ਉਹ ਉਨ੍ਹਾਂ ਨੂੰ ਲਾਗੂ ਕਰਵਾਉਣ ਲਈ ਤਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਕਸੂਰ ਨਾਲੇ ਨੂੰ ਸਾਫ਼ ਕਰਵਾਉਣ ਸਣੇ ਹੋਰਨਾਂ ਕੰਮਾਂ ਨੂੰ ਅੱਜ ਵੀ ਸਬੰਧਿਤ ਅਧਿਕਾਰੀਆਂ ਨਾਲ ਵਿਚਾਰਦੇ ਹਨ।