ਹਿੰਦੂ ਸੰਗਠਨਾਂ ਵੱਲੋਂ ਮੰਦਰ ਢਾਹੁਣ ਆਈ ਟੀਮ ਦਾ ਵਿਰੋਧ
ਪੱਤਰ ਪ੍ਰੇਰਕ
ਪਠਾਨਕੋਟ, 8 ਜੁਲਾਈ
ਜ਼ਿਲ੍ਹੇ ਦੇ ਸੁਜਾਨਪੁਰ ਰਾਸ਼ਟਰੀ ਰਾਜਮਾਰਗ ’ਤੇ ਪੁਲ ਨੰਬਰ 5 ਦੇ ਨੇੜੇ ਬਣੇ ਮੰਦਰ ਨੂੰ ਢਾਹੁਣ ਲਈ ਨਹਿਰ ਵਿਭਾਗ ਦੀ ਟੀਮ ਐੱਸਡੀਓ ਪ੍ਰਦੀਪ ਕੁਮਾਰ ਅਤੇ ਤਹਿਸੀਲਦਾਰ ਪਠਾਨਕੋਟ ਦਿਵਿਆ ਸਿੰਗਲਾ ਦੀ ਅਗਵਾਈ ਹੇਠ ਪੁੱਜੀ। ਇਸ ਕਾਰਨ ਕੁਝ ਹੀ ਮਿੰਟਾਂ ਵਿੱਚ ਉਕਤ ਸਥਾਨ ’ਤੇ ਮਾਹੌਲ ਤਣਾਅਪੂਰਨ ਹੋ ਗਿਆ। ਲੋਕਾਂ ਦੇ ਵਿਰੋਧ ਕਾਰਨ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਅਖਿਲ ਭਾਰਤੀ ਹਿੰਦੂ ਸੁਰੱਖਿਆ ਕਮੇਟੀ ਦੇ ਸੂਬਾ ਚੇਅਰਮੈਨ ਸੁਰਿੰਦਰ ਮਨਹਾਸ, ਲਲਿਤ ਵਰਮਾ, ਸੁਰਿੰਦਰ ਸ਼ਰਮਾ, ਰਾਜੇਸ਼ ਕੁਮਾਰ ਰਾਜੂ ਸਮੇਤ ਵੱਡੀ ਗਿਣਤੀ ਵਿੱਚ ਲੋਕ ਅਤੇ ਔਰਤਾਂ ਸ਼ਾਮਲ ਸਨ।
ਅਖਿਲ ਭਾਰਤੀ ਹਿੰਦੂ ਸੁਰੱਖਿਆ ਕਮੇਟੀ ਦੇ ਸੂਬਾ ਚੇਅਰਮੈਨ ਸੁਰਿੰਦਰ ਮਨਹਾਸ ਨੇ ਕਿਹਾ ਕਿ ਇਹ ਮੰਦਰ ਇੱਥੇ ਕਈ ਸਾਲਾਂ ਤੋਂ ਸਥਾਪਿਤ ਹੈ ਅਤੇ ਸ਼ਰਧਾਲੂ ਇੱਥੇ ਮਾਤਾ ਦੇ ਦਰਸ਼ਨ ਕਰਨ ਆਉਂਦੇ ਹਨ। ਇਹ ਮੰਦਰ ਹਿੰਦੂ ਆਸਥਾ ਦਾ ਪ੍ਰਤੀਕ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ ਵਿੱਚ ਢਾਹੁਣ ਨਹੀਂ ਦਿੱਤਾ ਜਾਵੇਗਾ।
ਤਹਿਸੀਲਦਾਰ ਦਿਵਿਆ ਸਿੰਗਲਾ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕਾਰਵਾਈ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਕੀਤੀ ਜਾ ਰਹੀ ਹੈ ਪਰ ਲੋਕਾਂ ਉੱਪਰ ਉਨ੍ਹਾਂ ਦੀਆਂ ਦਲੀਲਾਂ ਦਾ ਕੋਈ ਅਸਰ ਨਾ ਹੋਇਆ। ਐੱਸਡੀਓ ਪ੍ਰਦੀਪ ਕੁਮਾਰ ਦਾ ਕਹਿਣਾ ਸੀ ਕਿ ਹਾਈ ਕੋਰਟ ਵਿੱਚ ਸਾਲ 2018 ਵਿੱਚ ਕਿਸੇ ਪਟੀਸ਼ਨਰ ਨੇ ਰਿੱਟ ਦਾਇਰ ਕੀਤੀ ਸੀ ਕਿ ਨੈਸ਼ਨਲ ਹਾਈਵੇਅ ਦੇ ਕਿਨਾਰੇ ਬਣੀਆਂ ਗੈਰ-ਕਾਨੂੰਨੀ ਇਮਾਰਤਾਂ ਨੂੰ ਢਾਹਿਆ ਜਾਵੇ। ਇਸ ਦੀ ਤਰੀਕ 10 ਜੁਲਾਈ ਹੈ। ਇਸ ਕਰਕੇ 10 ਤਰੀਕ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਲੋਕਾਂ ਦੇ ਵਿਰੋਧ ਬਾਰੇ ਦੱਸ ਦਿੱਤਾ ਜਾਵੇਗਾ। ਇਸ ਤਰ੍ਹਾਂ ਟੀਮ ਬੈਰੰਗ ਪਰਤ ਗਈ।