ਦੋ ਵੱਖ-ਵੱਖ ਥਾਵਾਂ ਤੋਂ ਹੈਰੋਇਨ ਬਰਾਮਦ, ਮੁਲਜ਼ਮ ਕਾਬੂ
ਘਰਿੰਡਾ ਦੀ ਪੁਲੀਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 1 ਕਿਲੋ 800 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਦੌਰਾਨ ਬੀਐੱਸਐੱਫ ਨੇ ਸਰਹਦੀ ਪਿੰਡ ਰੋੜਾਵਾਲਾ ਖੁਰਦ ਤੋਂ ਡਰੋਨ ਅਤੇ 1 ਕਿਲੋ 160 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਡੀਐੱਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਸ਼ਨਾਖਤ ਮਨਪ੍ਰੀਤ ਸਿੰਘ ਉਰਫ ਮੰਨੂ ਵਾਸੀ ਪਿੰਡ ਜਠੌਲ ਵਜੋਂ ਹੋਈ ਹੈ ਜਿਸ ਕੋਲੋਂ ਇੱਕ ਕਿਲੋ 800 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਇਸ ਵਿਅਕਤੀ ਨੂੰ ਡਿਫੈਂਸ ਡਰੇਨ ਕੋਲੋਂ ਉਸ ਵੇਲੇ ਕਾਬੂ ਕੀਤਾ ਗਿਆ ਜਦੋਂ ਇਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਹੈਰੋਇਨ ਦੀ ਸਪਲਾਈ ਕਰਨ ਲਈ ਜਾ ਰਿਹਾ ਸੀ। ਇਸ ਸਬੰਧ ਵਿੱਚ ਅਗਲੇਰੀ ਜਾਂਚ ਜਾਰੀ ਹੈ।
ਇਸ ਦੌਰਾਨ ਬੀਐੱਸਐੱਫ ਤੇ ਅਧਿਕਾਰੀ ਨੇ ਦੱਸਿਆ ਕਿ ਬੀਐੱਸਐੱਫ ਜਵਾਨਾਂ ਨੇ ਸੂਚਨਾ ਦੇ ਆਧਾਰ ਤੇ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਸਰਹੱਦੀ ਪਿੰਡ ਰੋੜਾਵਾਲ ਖੁਰਦ ਤੋਂ ਇੱਕ ਡਰੋਨ ਬਰਾਮਦ ਕੀਤਾ ਹੈ, ਜਿਸ ਦੇ ਨਾਲ ਇੱਕ ਪੈਕੇਟ ਵੀ ਬਰਾਮਦ ਹੋਇਆ ਹੈ। ਇਸ ਪੈਕੇਟ ਵਿੱਚੋਂ ਲਗਭਗ ਇਕ ਕਿਲੋ 160 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਡਰੋਨ ਡੀਜੀਆਈ ਮੈਵਿਕ ਚਾਰ ਪ੍ਰੋ ਡਰੋਨ ਸ਼੍ਰੇਣੀ ਨਾਲ ਸਬੰਧਤ ਹੈ।