ਤਰਨ ਤਾਰਨ ’ਚ ਭਰਵੇਂ ਮੀਂਹ ਕਾਰਨ ਫ਼ਸਲਾਂ ਨੂੰ ਮੁੜ ਖ਼ਤਰਾ
ਜ਼ਿਲ੍ਹੇ ਅੰਦਰ ਬੀਤੇ ਦਿਨੀਂ ਬਾਰਿਸ਼ ਨਾ ਪੈਣ ਕਾਰਨ ਪ੍ਰਸ਼ਾਸਨ ਅਤੇ ਕਿਸਾਨਾਂ ਸਮੇਤ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਬੀਤੀ ਰਾਤ ਹੋਈ ਭਰਵੀਂ ਬਾਰਿਸ਼ ਨੇ ਮੁੜ ਖ਼ਤਰਾ ਪੈਦਾ ਕਰ ਦਿੱਤਾ ਹੈ| ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਸਤਲੁਜ ਦਰਿਆ ਵਿੱਚ ਬੀਤੇ ਦਿਨਾਂ ਦੀ ਤਰ੍ਹਾਂ 2.60 ਲੱਖ ਕਿਊਸਿਕ ਪਾਣੀ ਵਹਿ ਰਿਹਾ ਹੈ ਜੋ ਖਤਰੇ ਦੇ ਨਿਸ਼ਾਨ ਤੋਂ ਪਾਰ ਹੈ, ਜਿਸ ਕਰਕੇ ਦਰਿਆ ਦੇ ਕੰਢਿਆਂ ਨੂੰ ਢਾਹ ਲੱਗਣ ਦਾ ਖ਼ਤਰਾ ਬਰਕਰਾਰ ਹੈ| ਸਿੰਜਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਜ ਬਿਆਸ ਦਰਿਆ ਦੇ ਨੇੜਲੇ ਪਿੰਡਾਂ ’ਚ ਰਾਤ ਤੋਂ ਤੱਕ ਦੁਪਹਿਰ ਤੱਕ ਹੋਈ 115 ਐੱਮਐੱਮ ਬਾਰਿਸ਼ ਨੇ ਪੁਰਾਣੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ ਜਿਸ ਨਾਲ ਬਿਆਸ-ਸਤਲੁਜ ’ਚ ਪਾਣੀ ਦੇ ਪੱਧਰ ਉੱਚਾ ਕਰ ਦਿੱਤਾ ਹੈ| ਤਰਨ ਤਾਰਨ ਦੇ ਆਸ-ਪਾਸ ਵੀ ਬੀਤੀ ਰਾਤ ਤੋਂ ਭਰਵੀਂ ਬਾਰਿਸ਼ ਹੁੰਦੀ ਰਹੀ ਹੈ| ਜ਼ਿਲ੍ਹੇ ਅੰਦਰ ਕਾਰ ਸੇਵਾ ਸੰਪਰਦਾਇ ਸਰਹਾਲੀ ਵੱਲੋਂ ਕਾਰ ਸੇਵਾ ਦੇ ਕਾਰਜਾਂ ਨਾਲ ਬੰਨ੍ਹਾਂ ਦੀ ਰਾਖੀ ਕਰਦੇ ਬਾਬਾ ਸੁੱਖਾ ਸਿੰਘ ਨੇ ਦੱਸਿਆ ਕਿ ਹੈੱਡ ਵਰਕਸ ਡਾਊਨ ਸਟਰੀਮ’ ਤੇ ਪਾਣੀ ਦਾ ਪੱਧਰ ਘਟਣ ’ਤੇ ਸਥਿਤੀ ਵਿੱਚ ਸੁਧਾਰ ਆਇਆ ਹੈ| ਇਸ ਦੌਰਾਨ ਪਿੰਡ ਰੱਤੋਕੇ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਝੋਨੇ/ਬਾਸਮਤੀ ਦੀਆਂ 1509 ਸਮੇਤ ਅਗੇਤੀਆਂ ਕਿਸਮਾਂ ਦਾ ਨੁਕਸਾਨ ਹੋ ਰਿਹਾ ਹੈ| ਕਿਸਾਨ ਤਜਿੰਦਰਪਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਝੋਨੇ ਦੀ ਮੁੰਜਰ ਦੇ ਕਾਲੀ ਹੋਣ ਨਾਲ ਜਿਣਸ ਦੇ ਕੁਆਲਿਟੀ ’ਚ ਫਰਕ ਪੈ ਰਿਹਾ ਹੈ| ਇਸੇ ਤਰ੍ਹਾਂ ਪਿੰਡ ਲਾਲੂ ਘੁੰਮਣ ਦੇ ਕਿਸਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਪਿੰਡਾਂ ਅੰਦਰ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਖੇਤਾਂ ਤੋਂ ਪਸ਼ੂਆਂ ਦਾ ਲਿਆਉਣ ਦੀ ਮੁਸ਼ਕਲ ਆ ਰਹੀ ਹੈ|