ਸੂਬੇ ਵਿੱਚ ਸਿਹਤ ਪ੍ਰਣਾਲੀ ਫੇਲ੍ਹ ਹੋਈ: ਮਲਿਕ
ਸਿਹਤ ਮੰਤਰੀ ਤੋਂ ਅਸਤੀਫ਼ਾ ਮੰਗਿਆ
Advertisement
ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਸ਼ਵੇਤ ਮਲਿਕ ਨੇ ਸਿਹਤ ਮੰਤਰੀ ਬਲਬੀਰ ਸਿੰਘ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਸਿਹਤ ਮੰਤਰੀ ਦੀ ਅਗਵਾਈ ਹੇਠ ਸੂਬੇ ਦੀ ਸਿਹਤ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਕਿ ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ 3 ਮਰੀਜ਼ਾਂ ਦੀ ਮੌਤ ਹੋ ਗਈ ਅਤੇ ਪਤਾ ਲੱਗਾ ਹੈ ਕਿ ਆਕਸੀਜਨ ਪਲਾਂਟ ਸੰਚਾਲਕ ਦੀ ਗੈਰ-ਹਾਜ਼ਰੀ ਵਿੱਚ ਇੱਕ ਅਣਅਧਿਕਾਰਤ ਵਿਅਕਤੀ ਉੱਥੇ ਕੰਮ ਕਰ ਰਿਹਾ ਸੀ। ਜੇਕਰ ਅਜਿਹਾ ਹੈ ਤਾਂ ਇਹ ਕਤਲ ਦਾ ਮਾਮਲਾ ਹੈ, ਜਿਸ ’ਤੇ ਸਰਕਾਰ ਚੁੱਪ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਹਸਪਤਾਲ ਵਿੱਚ ਸਰਜਰੀ ਦੌਰਾਨ ਬਿਜਲੀ ਦੀ ਘਾਟ ਕਾਰਨ ਮੋਮਬੱਤੀਆਂ ਨਾਲ ਕੀਤਾ ਗਿਆ ਆਪ੍ਰੇਸ਼ਨ ਸ਼ਰਮਨਾਕ ਹੈ। ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਅਤੇ ਕਈ ਹੋਰ ਸਰਕਾਰੀ ਹਸਪਤਾਲਾਂ ਵਿੱਚ ਨਾ ਤਾਂ ਦਵਾਈਆਂ ਹਨ, ਨਾ ਡਾਕਟਰ ਹਨ, ਨਾ ਜੀਵਨ ਰੱਖਿਅਕ ਪ੍ਰਣਾਲੀਆਂ, ਇਹ ਸਭ ਸਰਕਾਰ ਦੀ ਲਾਪਰਵਾਹੀ ਦੀਆਂ ਸਪੱਸ਼ਟ ਉਦਾਹਰਣਾਂ ਹਨ।
ਸ੍ਰੀ ਮਲਿਕ ਨੇ ਦੋਸ਼ ਲਾਇਆ ਕਿ ਮਾਨ ਸਰਕਾਰ ਝੂਠੀ ਬ੍ਰਾਂਡਿੰਗ ’ਤੇ ਕੇਂਦ੍ਰਿਤ ਹੈ। ਸਾਰਿਆਂ ਨੂੰ ਸਿਹਤ ਬੀਮਾ ਦੇਣ ਲਈ ਵੱਡੇ ਬੋਰਡ ਅਤੇ ਪੋਸਟਰ ਲਗਾਏ ਹਨ, ਪਰ ਇਹ ਸਿਰਫ ਇੱਕ ਪ੍ਰਚਾਰ ਸਟੰਟ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਐਲਾਨ ਤੋਂ ਬਾਅਦ 5 ਲੱਖ ਰੁਪਏ ਦੀ ਮੁਫਤ ਸਿਹਤ ਬੀਮਾ ਯੋਜਨਾ ਆਯੂਸ਼ਮਾਨ ਸਿਹਤ ਬੀਮਾ ਵਿੱਚ ਆਪਣਾ ਹਿੱਸਾ ਨਾ ਪਾ ਕੇ ਅਤੇ ਪੰਜਾਬ ਦੇ ਕਈ ਨਿੱਜੀ ਹਸਪਤਾਲਾਂ ਦੇ ਬਕਾਏ ਨਾ ਦੇ ਕੇ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ।
Advertisement
‘ਆਪ’ ਦਾ ਸਿਹਤ ਮਾਡਲ ਪੰਜਾਬ ਵਿੱਚ ਅਸਫ਼ਲ ਰਿਹਾ’
ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਦਾ ਸਿਹਤ ਮਾਡਲ ਪੰਜਾਬ ਵਿੱਚ ਅਸਫ਼ਲ ਰਿਹਾ ਹੈ ਜੋ ਅਸਫ਼ਲ ਦਿੱਲੀ ਮਾਡਲ ਦੀ ਕਾਪੀ ਹੈ। ਉਨ੍ਹਾਂ ਸਰਕਾਰ ’ਤੇ ਹੋਰ ਵੀ ਕਈ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਮਾਨ ਸਰਕਾਰ ਵਿਰੁੱਧ ਸੜਕਾਂ ’ਤੇ ਉਤਰ ਆਏ ਹਨ ਅਤੇ ਆਪਣੀ ਜ਼ਮੀਨ ਬਚਾਉਣ ਲਈ ਅੰਦੋਲਨ ਕਰ ਰਹੇ ਹਨ।
Advertisement