ਸਿਹਤ ਵਿਭਾਗ ਦੀਆਂ ਟੀਮਾਂ ਨੇ 32 ਕਿਲੋ ਪਲਾਸਟਿਕ ਜ਼ਬਤ ਕੀਤਾ
ਉਤਰੀ ਜ਼ੋਨ ਦੀ ਸਿਹਤ ਵਿਭਾਗ ਦੀ ਟੀਮ ਨੇ ਲਾਰੈਂਸ ਰੋਡ ’ਤੇ ਨਾਵਲਟੀ ਸਵੀਟਸ ਅਤੇ ਹੀਰਾ ਪਨੀਰ ਦੀ ਦੁਕਾਨ ’ਤੇ ਛਾਪਾ ਮਾਰਿਆ। ਟੀਮ ਨੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਨ ਅਤੇ ਟਰੇਡ ਲਾਇਸੈਂਸ ਨਾ ਬਣਾਉਣ ਕਰਕੇ ਨੋਟਿਸ ਦਿੱਤਾ ਅਤੇ ਨਾਵਲਟੀ ਸਵੀਟਸ ਤੋਂ 27 ਕਿਲੋ ਅਤੇ ਹੀਰਾ ਪਨੀਰ ਦੀ ਦੁਕਾਨ ਤੋਂ ਪੰਜ ਕਿਲੋ ਸਿੰਗਲ ਯੂਜ ਪਲਾਸਟਿਕ ਜ਼ਬਤ ਕੀਤਾ ਗਿਆ। ਇਸ ਤੋਂ ਇਲਾਵਾ ਗੰਦਗੀ ਫੈਲਾਉਣ ਕਰਕੇ ਹੀਰਾ ਪਨੀਰ ਦਾ ਚਲਾਨ ਵੀ ਕੱਟਿਆ ਗਿਆ। ਇਹ ਕਾਰਵਾਈ ਸਿਹਤ ਅਫ਼ਸਰ ਡਾ. ਯੋਗੇਸ਼ ਅਰੋੜਾ ਸੀ ਐੱਸ ਓ ਮਲਕੀਤ ਸਿੰਘ, ਸੈਨੇਟਰੀ ਇੰਸਪੈਕਟਰ ਹਰਿੰਦਰ ਪਾਲ ਸਿੰਘ, ਸੰਜੀਵ ਦੀਵਾਨ ਅਤੇ ਅਮਰੀਕ ਸਿੰਘ ਨੇ ਕੀਤੀ।
ਇਸ ਤੋਂ ਪਹਿਲਾਂ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਦਰੁੱਸਤ ਕਰਨ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਅਦਾਰਿਆਂ, ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਲਗਾਤਾਰ ਚਿਤਾਵਨੀ ਦੇਣ ਦੇ ਬਾਵਜੂਦ ਗੰਦਗੀ ਫੈਲਾਈ ਜਾਂਦੀ ਹੈ, ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅਜੇ ਤੱਕ ਜਿਹੜੇ ਅਦਾਰਿਆਂ ਨੇ ਟਰੇਡ ਲਾਇਸੈਂਸ ਨਹੀਂ ਬਣਾਏ ਹਨ, ਜ਼ੋਨ ਦੇ ਆਧਾਰ ’ਤੇ ਸਿਹਤ ਵਿਭਾਗ ਦੀਆਂ ਟੀਮਾਂ ਅਸਟੇਟ ਵਿਭਾਗ ਨਾਲ ਮਿਲ ਕੇ ਉਨ੍ਹਾਂ ਖ਼ਿਲਾਫ਼ ਪੰਜਾਬ ਮਿਉਂਸਿਪਲ ਕਾਰਪੋਰੇਸ਼ਨ ਐਕਟ 1976 ਦੀਆਂ ਧਾਰਾਵਾਂ ਦੀ ਨੋਟਿਸ ਦੇਣ ਅਤੇ ਦੋ ਵਾਰ ਚਿਤਾਵਨੀ ਦੇਣ ਤੋਂ ਬਾਅਦ ਅਸਟੇਟ ਵਿਭਾਗ ਦੇ ਸਹਿਯੋਗ ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਮੀਟਿੰਗ ਵਿੱਚ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਤੋਂ ਇਲਾਵਾ ਸਿਹਤ ਅਫ਼ਸਰ ਡਾ. ਕਿਰਨ, ਡਾ. ਯੋਗੇਸ਼ ਅਰੋੜਾ ਏ ਐੱਮ ਓ ਐੱਚ, ਡਾ. ਰਮਾ, ਸੀ ਐੱਸ ਓ ਮਲਕੀਤ ਸਿੰਘ, ਅਸਟੇਟ ਅਫ਼ਸਰ ਧਰਮਿੰਦਰ ਜੀਤ ਸਿੰਘ, ਚੀਫ ਸੈਨੇਟਰੀ ਇੰਸਪੈਕਟਰ ਡੀ ਐੱਸ ਬੱਬਰ ਅਤੇ ਅਨਿਲ ਡੋਗਰਾ ਹਾਜ਼ਰ ਸਨ।
ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਘਰਾਂ, ਦੁਕਾਨਾਂ ਅਤੇ ਰੇਹੜੀਆਂ-ਫੜ੍ਹੀਆਂ ਦਾ ਕੂੜਾ ਸੜਕਾਂ ’ਤੇ ਨਾ ਸੁੱਟਣ ਅਤੇ ਇਸ ਕੂੜੇ ਨੂੰ ਘਰ ਅਤੇ ਅਦਾਰਿਆਂ ਵਿੱਚ ਡਸਟਬਿਨ ਲਗਾ ਕੇ ਅਤੇ ਰੇਹੜੀਆਂ ਫੜੀਆਂ ਵਾਲੇ ਵੱਡੇ ਲਿਫਾਫਿਆਂ ਜਾ ਕੂੜੇਦਾਨਾਂ ਵਿੱਚ ਹੀ ਪਾਉਣ ਤਾਂ ਜੋ ਨਗਰ ਨਿਗਮ ਦੀਆਂ ਗੱਡੀਆਂ ਇਸ ਕੂੜੇ ਨੂੰ ਚੁੱਕ ਲੈਣ ਅਤੇ ਸੜਕਾਂ ਅਤੇ ਗਲੀਆਂ ਵਿੱਚ ਗੰਦਗੀ ਦੇ ਢੇਰ ਨਾ ਲੱਗਣ।
 
 
             
            