ਸਿਹਤ ਵਿਭਾਗ ਦੀ ਜਾਂਚ ਸੁਆਲਾਂ ਦੇ ਘੇਰੇ ’ਚ
ਖਾਣ-ਪੀਣ ਦੇ ਨਾਂ ’ਤੇ ਗੰਦਗੀ ਪਰੋਸਣ ਵਾਲੀ ਵੀਡੀਓ ਵਾਇਰਲ ਹੋਣ ਦੇ ਮਹੀਨੇ ਮਗਰੋਂ ਪੁੱਜੀ ਟੀਮ
Advertisement
ਪਰਵਾਸੀਆਂ ਵੱਲੋਂ ਖਾਣ-ਪੀਣ ਦੇ ਨਾਂ ਹੇਠ ਗੰਦਗੀ ਪਰੋਸਣ ਵਾਲੀ ਵੀਡੀਓ ਵਾਇਰਲ ਹੋਣ ਤੋਂ ਇੱਕ ਮਹੀਨੇ ਬਾਅਦ ਵੀ ਸਿਹਤ ਵਿਭਾਗ ਵੱਲੋਂ ਕਾਰਵਾਈ ਨਾ ਕੀਤੇ ਜਾਣ ਕਾਰਨ ਇਲਾਕੇ ਵਿੱਚ ਟੀਮ ਖ਼ਿਲਾਫ਼ ਰੋਸ ਦੇਖਣ ਨੂੰ ਮਿਲਿਆ। ਇਸ ਸਬੰਧੀ ਸੁਲੱਖਣ ਸਿੰਘ, ਕਰਮਜੀਤ ਸਿੰਘ ਤੇ ਨਿਸ਼ਾਨ ਸਿੰਘ ਆਦਿ ਨੇ ਦੱਸਿਆ ਕਿ ਇਲਾਕੇ ਵਿੱਚ ਛੋਲੇ ਭਠੂਰੇ ਵੇਚਣ ਵਾਲੇ ਪਰਵਾਸੀਆਂ ਵੱਲੋਂ ਗੰਦਗੀ ਭਰੇ ਹਾਲਾਤ ’ਚ ਖਾਣ-ਪੀਣ ਦਾ ਸਾਮਾਨ ਤਿਆਰ ਕੀਤਾ ਜਾ ਰਿਹਾ ਸੀ ਜਿਸ ਦੀ ਦੂਜੀ ਵਾਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਖ਼ਾਨਾਪੂਰਤੀ ਲਈ ਅੱਜ ਗੋਇੰਦਵਾਲ ਸਾਹਿਬ ਪੁੱਜੀ ਅਤੇ ਛੋਲੇ-ਭਠੂਰੇ ਵੇਚਣ ਵਾਲਿਆਂ ਨੂੰ ਨੋਟਿਸ ਜਾਰੀ ਕਰਦੇ ਹੋਏ ਸਥਾਨਕ ਪੱਤਰਕਾਰ ਤੋਂ ਪਾਸਾ ਵੱਟਦਿਆਂ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ।
ਇਸ ਸਬੰਧੀ ਕਾਰਵਾਈ ਲਈ ਪੁੱਜੀ ਜ਼ਿਲ੍ਹੇ ਦੀ ਸਿਹਤ ਅਫ਼ਸਰ ਸੁਖਬੀਰ ਕੌਰ ਨੇ ਮਾਮਲੇ ਤੋਂ ਪੱਲਾ ਝਾੜਦਿਆਂ ਸਥਾਨਕ ਪੱਤਰਕਾਰ ਨੂੰ ਆਖਿਆ ਕਿ ਉਨ੍ਹਾਂ ਵੱਲੋਂ ਛੋਲੇ ਭਠੂਰੇ ਵੇਚਣ ਵਾਲਿਆਂ ਦਾ ਚਲਾਨ ਕੱਟ ਦਿੱਤਾ ਗਿਆ ਹੈ। ਇਸ ਖਾਨਾਪੂਰਤੀ ਵਾਲੀ ਕਾਰਵਾਈ ਕਾਰਨ ਲੋਕਾਂ ਵਿੱਚ ਇਹ ਚਰਚਾ ਵੀ ਜ਼ੋਰਾਂ ’ਤੇ ਹੈ ਕਿ ਸਿਹਤ ਵਿਭਾਗ ਦੀ ਟੀਮ ਨੇ ਕਥਿਤ ਤੌਰ ’ਤੇ ਇੱਕ ਦਿਨ ਪਹਿਲਾਂ ਗੰਦਗੀ ਪਰੋਸਣ ਵਾਲਿਆਂ ਨੂੰ ਆਪਣੀ ਛਾਪੇ ਦੀ ਅਗਾਊਂ ਸੂਚਨਾ ਦਿੱਤੀ ਜਿਸ ਤੋਂ ਬਾਅਦ ਗੰਦਗੀ ਵਾਲੀ ਜਗ੍ਹਾ ਨੂੰ ਪ੍ਰਵਾਸੀਆਂ ਵੱਲੋਂ ਰੰਗ ਰੋਗਨ ਕਰ ਲਿਆ ਗਿਆ ਅਤੇ ਗੰਦਗੀ ਵਾਲਾ ਸਾਮਾਨ ਪਾਸੇ ਕਰ ਦਿੱਤਾ ਗਿਆ। ਇਸ ਕਥਿਤ ਖ਼ਾਨਾਪੂਰਤੀ ਵਾਲੀ ਕਾਰਵਾਈ ’ਤੇ ਸਮਾਜ ਸੇਵੀ ਸੁਲੱਖਣ ਸਿੰਘ ਅਤੇ ਇਲਾਕੇ ਦੇ ਲੋਕਾਂ ਨੇ ਰੋਸ ਜਤਾਇਆ ਹੈ।
Advertisement
ਡੀ ਐੱਚ ਓ ਮੈਡਮ ਸੁਖਬੀਰ ਕੌਰ ਨੇ ਦੋਸ਼ਾਂ ਨੂੰ ਨਕਾਰਦਿਆਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਆਖਿਆ ਕਿ ਇਸ ਚੈਕਿੰਗ ਸਬੰਧੀ ਆਮ ਲੋਕਾਂ ਵੱਲੋਂ ਖੜ੍ਹੇ ਕੀਤੇ ਸਵਾਲਾਂ ਸਬੰਧੀ ਸ਼ੰਕਾ ਦੂਰ ਕਰਨ ਲਈ ਉਹ ਡੀ ਐੱਚ ਓ ਕੋਲੋਂ ਰਿਪੋਰਟ ਲੈਣਗੇ।
Advertisement
