ਗੁਰੂ ਗੋਬਿੰਦ ਸਿੰਘ ਕਾਲਜ ਨੇ ਕੁਸ਼ਤੀ ਵਿੱਚ 3 ਸੋਨ ਤਗਮੇ ਜਿੱਤੇ
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਦੇ ਪਹਿਲਵਾਨਾਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਚੱਲ ਰਹੀ ਅੰਤਰ-ਕਾਲਜ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਭਾਰ-ਵਰਗਾਂ ਵਿੱਚ ਤਿੰਨ ਸੋਨ ਤਗਮੇ ਹਾਸਿਲ ਕੀਤੇ। ਕੁਸ਼ਤੀ ਟੀਮ ਦੇ ਇੰਚਾਰਜ ਪ੍ਰੋਫੈਸਰ ਗੌਰਵ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸੂਰਜ ਨੇ 70 ਕਿਲੋ ਭਾਰ ਵਰਗ ਫਰੀ ਸਟਾਈਲ ਕੁਸ਼ਤੀ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਪਹਿਲਵਾਨ ਨੂੰ 10-0 ਨਾਲ, ਕਰਨਵੀਰ ਨੇ 92 ਕਿਲੋ ਭਾਰ ਵਰਗ ਫਰੀ ਸਟਾਈਲ ਕੁਸ਼ਤੀ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਪਹਿਲਵਾਨ ਨੂੰ 10-0 ਨਾਲ ਅਤੇ ਜਸਟਿਨ ਸਿੱਧੂ ਨੇ 130 ਕਿਲੋ ਭਾਰ ਵਰਗ ਗਰੀਕੋ ਰੋਮਨ ਕੁਸ਼ਤੀ ਮੁਕਾਬਲੇ ਵਿੱਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪਹਿਲਵਾਨ ਨੂੰ 10-0 ਨਾਲ ਹਰਾ ਕੇ ਸੋਨ ਤਗਮੇ ਹਾਸਲ ਕੀਤੇ। ਇਨ੍ਹਾਂ ਤਿੰਨੇ ਪਹਿਲਵਾਨਾਂ ਨੇ ਆਪਣੇ ਸ਼ੁਰੂਆਤੀ ਮੁਕਾਬਲਿਆਂ ਤੋਂ ਲੈ ਕੇ ਫਾਈਨਲ ਤੱਕ ਵਿਰੋਧੀ ਪਹਿਲਵਾਨਾਂ ਨੂੰ ਇੱਕ ਵੀ ਪੁਆਇੰਟ ਨਹੀਂ ਲੈਣ ਦਿੱਤਾ। ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ਨੇ ਜੇਤੂ ਪਹਿਲਵਾਨਾਂ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰਾਪਤੀ ਸਾਡੇ ਕਾਲਜ ਦੇ ਖੇਡ ਵਿਭਾਗ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਨਿਸ਼ਠਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਹਮੇਸ਼ਾ ਉਤਸ਼ਾਹਿਤ ਕਰਦੀ ਰਹੇਗੀ।
