ਸਰਕਾਰ ਵੱਲੋਂ ਹਰ ਹੜ੍ਹ ਪੀੜਤ ਨੂੰ ਦਿੱਤਾ ਜਾਵੇਗਾ ਢੁਕਵਾਂ ਮੁਆਵਜ਼ਾ: ਰੰਧਾਵਾ
ਹੜ੍ਹ ਪ੍ਰਭਾਵਿਤ ਸਰਕਾਰੀ ਐਲੀਮੈਂਟਰੀ ਸਕੂਲ ਪੱਖੋਕੇ ਟਾਹਲੀ ਸਾਹਿਬ ’ਚ ਅੱਜ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਹੋਰਾਂ ਵੱਲੋਂ ਸਫ਼ਾਈ ਅਭਿਆਨ ਚਲਾਇਆ ਗਿਆ ਤਾਂ ਜੋ ਇਸ ਸਕੂਲ ਵਿੱਚ ਮੁੜ ਕਲਾਸਾਂ ਸ਼ੁਰੂ ਕੀਤੀਆਂ ਜਾ ਸਕਣ। ਹੜ੍ਹ ਦੀ ਮਾਰ ਹੇਠ ਆਉਣ ਨਾਲ ਸਕੂਲ ਸਮੇਤ ਸਮੱਚਾ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਵਿਧਾਇਕ ਸ੍ਰੀ ਰੰਧਾਵਾ ਵੱਲੋਂ ਸਕੂਲ ’ਚ ਜਾ ਕੇ ਸਫ਼ਾਈ ਅਭਿਆਨ ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤਹਿਤ ਫ਼ਸਲਾਂ ਦੇ ਨੁਕਸਾਨ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਚੱਲ ਰਹੀ ਹੈ ਜੋ ਜਲਦੀ ਹੀ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਤੁਰੰਤ ਬਾਅਦ ਕਿਸਾਨਾਂ ਨੂੰ ਆਪਣੇ ਮੁਆਵਜ਼ੇ ਦੇ ਚੈੱਕ ਮਿਲਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਫ਼ਸਲ 100 ਫ਼ੀਸਦੀ ਬਰਬਾਦ ਹੋ ਗਈ ਹੈ, ਉੱਥੇ ਇਹ ਪ੍ਰਕਿਰਿਆ ਸਿਰਫ਼ ਇੱਕ ਮਹੀਨੇ ਵਿੱਚ ਪੂਰੀ ਕਰ ਲਈ ਜਾਵੇਗੀ ਅਤੇ ਤੁਰੰਤ ਬਾਅਦ ਚੈੱਕ ਸੌਂਪਣੇ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਪੂਰਾ ਘਰ ਢਹਿ ਗਿਆ ਹੈ, ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ।
ਵਿਧਾਇਕ ਵੱਲੋਂ ਪਿੰਡਾਂ ਵਿੱਚ ਸਫ਼ਾਈ ਮੁਹਿੰਮ ਸ਼ੁਰੂ
Advertisementਬਟਾਲਾ (ਪੱਤਰ ਪ੍ਰੇਰਕ): ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵੱਲੋਂ ਹੜ੍ਹਾਂ ਦਾ ਪਾਣੀ ਉੱਤਰਨ ਤੋਂ ਬਾਅਦ ਸਫ਼ਾਈ ਮੁਹਿੰਮ ਅਭਿਆਨ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਦਰਿਆ ਬਿਆਸ ਨੇੜਲੇ ਪਿੰਡ ਸਮਰਾਏ, ਕਾਂਗੜਾ, ਮਾੜੀ ਬੁੱਚੀਆਂ, ਪੱਟੀ ਲਾਇਲਪੁਰ, ਪੱਟੀ ਲੁਬਾਣਾ, ਪੱਟੀ ਟਾਂਡਾ ਅਤੇ ਚੱਕ ਚਾਓ ਵਿੱਚ ਸਫ਼ਾਈ ਅਭਿਆਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਾਅਦ ਗਲੀਆਂ, ਨਾਲੀਆਂ ਤੇ ਸੜਕਾਂ ਦੀ ਸਾਫ-ਸਫ਼ਾਈ ਲਾਜ਼ਮੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਾਣੀ ਤੋਂ ਬਾਅਦ ਸੀਵਰੇਜ ਸਿਸਟਮ ਵਿੱਚ ਵੀ ਰੁਕਾਵਟ ਪੈਦਾ ਹੋ ਜਾਂਦੀ ਹੈ। ਇਸ ਮੌਕੇ ਸੰਗਠਨ ਇੰਚਾਰਜ ਅਤੇ ਮੈਂਬਰ ਜ਼ਿਲ੍ਹਾ ਪਲਾਨਿੰਗ ਬੋਰਡ ਗੁਰਪ੍ਰੀਤ ਸਿੰਘ ਸੈਣੀ, ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਸਲਾਹਕਾਰ ਪਰਮਬੀਰ ਰਾਣਾ, ਸੁਖਦੇਵ ਸਿੰਘ ਰੋਮੀ, ਰਾਜੂ ਭਿੰਡਰ, ਬਲਾਕ ਪ੍ਰਧਾਨ ਮੰਗਲ ਸਿੰਘ ਔਲਖ, ਸਰਪੰਚ ਯਕੀਨ ਸਿੰਘ ਔਲਖ, ਸਰਪੰਚ ਰਮਨ ਸਿੰਘ ਤੇ ਐਡਵੋਕੇਟ ਗੌਰਵ ਮੌਜੂਦ ਸਨ।