ਕਿਸਾਨਾਂ ਨੂੰ ਪ੍ਰਤੀ ਏਕੜ ਲੱਖ ਰੁਪਏ ਦੇਵੇ ਸਰਕਾਰ: ਛੋਟੇਪੁਰ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਛੋਟੇਪੁਰ ਅਤੇ ਉਨ੍ਹਾਂ ਦੀ ਟੀਮ ਨੇ ਅੱਜ ਹੜ੍ਹ ਪ੍ਰਭਾਵਿਤ ਖੇਤਰ ਕਲਾਨੌਰ, ਡੇਰਾ ਬਾਬਾ ਨਾਨਕ ਸਣੇ ਕੌਮਾਂਤਰੀ ਸੀਮਾ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋੋਂ ਮੰਗ ਕੀਤੀ ਕਿ ਹੜ੍ਹਾਂ ਕਾਰਨ ਨੁਕਸਾਨੀਆਂ ਫ਼ਸਲਾਂ ਲਈ ਕਿਸਾਨਾਂ ਨੂੰ ਪ੍ਰਤੀ ਏਕੜ ਇੱਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਹੜ੍ਹ ਕਾਰਨ ਮਾਰੇ ਗਏ ਪਸ਼ੂਆਂ ਅਤੇ ਮਕਾਨਾਂ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਸਰਹੱਦ ਨੇੜਲੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਲੀਹ ’ਤੇ ਆਉਣ ਲਈ 20-25 ਦਿਨ ਲੱਗਣਗੇ। ਇਸ ਖੇਤਰ ’ਚ ਟਿਊਬਵੈੱਲ ਨੁਕਸਾਨੇ ਗਏ ਹਨ ਅਤੇ ਬਿਜਲੀ ਦੇ ਖੰਭੇ ਤੇ ਤਾਰਾਂ ਨੂੰ ਨੁਕਸਾਨ ਪੁੱਜਾ ਹੈ। ਹੜ੍ਹ ਪ੍ਰਭਾਵਿਤ ਲੋਕ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਡਰੇਨਾਂ, ਨਹਿਰਾਂ, ਹੋਰ ਜਲ ਨਿਕਾਸੀ ਸ੍ਰੋਤਾਂ ਦੀ ਸਮੇਂ ਸਿਰ ਸਫ਼ਾਈ ‘ਆਪ’ ਸਰਕਾਰ ਨੇ ਨਹੀਂ ਕਰਵਾਈ। ਡੇਰਾ ਬਾਬਾ ਨਾਨਕ ਖੇਤਰ ਵਿੱਚ ਐੱਨਡੀਆਰਐੱਫ ਟੀਮਾਂ ਨਾ ਆਉਣ ’ਤੇ ਉਨ੍ਹਾਂ ਚਿੰਤਾ ਜਤਾਈ।