ਸਰਕਾਰ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ’ਚ ਨਾਕਾਮ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨਾ ਸਿਰਫ਼ ਹੜ੍ਹਾਂ ਕਾਰਨ ਕਿਸਾਨਾਂ ਦੇ ਹੋਏ ਫ਼ਸਲੀ ਨੁਕਸਾਨ ਦਾ ਮੁਆਵਜ਼ਾ ਦੇਣ ਵਿੱਚ ਨਾਕਾਮ ਰਹੀ ਹੈ ਬਲਕਿ ਹੜ੍ਹ ਪੀੜਤ ਕਿਸਾਨਾਂ ਨੂੰ ਪੰਜ ਲੱਖ ਏਕੜ ਵਾਸਤੇ ਕਣਕ ਦਾ ਸਰਟੀਫਾਈਡ ਬੀਜ ਵੀ ਨਹੀਂ ਦਿੱਤਾ ਗਿਆ। ਉਹ ਅੱਜ ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਦੇ ਹੱਕ ਵਿੱਚ ਪਿੰਡ ਸਰਾਏ ਅਮਾਨਤ ਖਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਵੀ ਜਨਤਕ ਇਕੱਠਾਂ ਨੂੰ ਵੱਖਰੇ ਤੌਰ ’ਤੇ ਸੰਬੋਧਨ ਕੀਤਾ| ਸ੍ਰੀ ਬਾਦਲ ਨੇ ਕਿਹਾ ਕਿ ਸਰਕਾਰ ਹੁਣ ਝੋਨੇ ’ਤੇ ਚੀਨੀ ਵਾਇਰਸ ਦੇ ਹਮਲੇ ਕਾਰਨ ਨੁਕਸਾਨ ’ਚ ਕਿਸਾਨਾਂ ਦੀ ਮਦਦ ਕਰਨ ਤੋਂ ਵੀ ਇਨਕਾਰੀ ਹੈ| ਲੋਕਾਂ ਦੇ ਮਸਲੇ ਅਕਾਲੀ ਦਲ ਹੀ ਹੱਲ ਕਰ ਸਕਦਾ ਹੈ| ਪਾਰਟੀ ਨੂੰ ਗਰੀਬ ਵਰਗਾਂ ਤੋਂ ਭਰਵਾਂ ਸਮਰਥਨ ਮਿਲ ਰਿਹਾ ਹੈ| ਅਕਾਲੀ ਦਲ ਦੀ ਸਰਕਾਰ ਵੇਲੇ 4 ਲੱਖ ਐੱਸ ਸੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਮਿਲਦੀ ਸੀ, ਜਿਹੜੀ ਹੁਣ ਘੱਟ ਕੇ ਕੁਝ ਹਜ਼ਾਰਾਂ ਤੱਕ ਸੀਮਤ ਰਹਿ ਗਈ ਹੈ। ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਾਰੀਆਂ ਸਮਾਜ ਭਲਾਈ ਯੋਜਨਾਵਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ| ਇਸ ਦੌਰਾਨ ਸੁਖਬੀਰ ਬਾਦਲ ਦਾ ਧਰਮੀ ਫੌਜੀਆਂ ਨੇ ਸਨਮਾਨ ਕੀਤਾ ਅਤੇ ਆਪਣੀ ਪਾਰਟੀ ਵਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਟਿਕਟ ਦੇਣ ਦੀ ਸ਼ਲਾਘਾ ਕੀਤੀ। ਸੁਖਬੀਰ ਬਾਦਲ ਨੇ ਪਿੰਡ ਸਰਾਏ ਅਮਾਨਤ ਖਾਂ ਮਗਰੋਂ ਭੁੱਸੇ, ਮਾਣਕਪੁਰ, ਗੰਡੀਵਿੰਡ, ਦੋਦੇ, ਛਾਪਾ ਸਮੇਤ ਕਈ ਪਿੰਡਾਂ ਅਤੇ ਤਰਨ ਤਾਰਨ ਸ਼ਹਿਰ ਦਾ ਦੌਰਾ ਕਰ ਕੇ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ।
