ਹੜ੍ਹ ਪ੍ਰਭਾਵਿਤ ਖੇਤਰਾਂ ’ਚ ਮੁਆਵਜ਼ੇ ਲਈ ਗਿਰਦਾਵਰੀ ਸ਼ੁਰੂ
ਹੜ੍ਹ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਪ੍ਰਭਾਵਿਤ ਪਰਿਵਾਰਾਂ ਨੂੰ 45 ਦਿਨਾਂ ਦੇ ਅੰਦਰ-ਅੰਦਰ ਦੇਣ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਪ੍ਰਭਾਵਿਤ ਪਿੰਡਾਂ ਦੀ ਗਿਰਦਾਵਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਅੱਜ ਇਸ ਸਬੰਧੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਜਨਾਲਾ ਵਿੱਚ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦੇ ਮੁਆਵਜ਼ਾ ਦੇਣ ਦੇ ਨਾਲ ਨਾਲ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਧਨ ਦੇ ਹੋਏ ਨੁਕਸਾਨ ਦੀ ਰਿਪੋਰਟ ਵੀ ਤਿਆਰ ਕੀਤੀ ਜਾਵੇ। ਇਸ ਤੋਂ ਇਲਾਵਾ ਘਰਾਂ ਨੂੰ ਹੋਏ ਨੁਕਸਾਨ, ਜ਼ਮੀਨ ਵਿੱਚ ਪਈ ਰੇਤ ਦਾ ਅਨੁਮਾਨ ਆਦਿ ਦੀ ਰਿਪੋਰਟ ਵੀ ਤਿਆਰ ਕੀਤੀ ਜਾਵੇ ਤਾਂ ਜੋ ਹਰੇਕ ਪ੍ਰਭਾਵਿਤ ਪਰਿਵਾਰ ਨੂੰ ਸਮੇਂ ਸਿਰ ਮੁਆਵਜਾ ਰਾਸ਼ੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਲਈ ਜਿਸ ਵੀ ਵਿਭਾਗ ਨੇ ਪਿੰਡ ਵਿੱਚ ਗਿਰਦਾਵਰੀ ਲਈ ਜਾਣਾ ਹੈ, ਉਹ ਪਿੰਡ ਦੇ ਗੁਰੂ ਘਰ ਵਿੱਚ ਮੁਨਾਦੀ ਕਰਾਵੇ ਤੇ ਪਿੰਡਾਂ ਦੇ ਮੋਹਤਬਰਾਂ ਨੂੰ ਮਿਲੇ ਅਤੇ ਸਬੰਧਤ ਪਿੰਡ ਦੇ ਪੰਚਾਇਤ ਸਕੱਤਰ ਨੂੰ ਨਾਲ ਲਵੇ ਤਾਂ ਜੋ ਸਾਰੇ ਪਿੰਡ ਨੂੰ ਪਤਾ ਲੱਗ ਸਕੇ ਕਿ ਪਿੰਡ ਵਿੱਚ ਗਿਰਦਾਵਰੀ ਹੋ ਰਹੀ ਹੈ ਅਤੇ ਉਹ ਆਪਣੇ ਹੋਏ ਨੁਕਸਾਨ ਬਾਰੇ ਸਬੰਧਤ ਕਰਮਚਾਰੀ ਨੂੰ ਜਾਣੂ ਕਰਵਾ ਸਕਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਫਸਲਾਂ ਅਤੇ ਘਰਾਂ ਦੀ 100 ਫੀਸਦੀ ਬਰਬਾਦੀ ਹੋ ਗਈ ਹੈ, ਉਸ ਦੀ ਰਿਪੋਰਟ ਪਹਿਲ ਦੇ ਆਧਾਰ ’ਤੇ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਸਰਕਾਰ ਵੱਲੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤਾ ਜਾਣਾ ਹੈ ਅਤੇ ਜਿਨ੍ਹਾਂ ਲੋਕਾਂ ਦੇ ਪਸ਼ੂ ਹੜ੍ਹਾਂ ਕਾਰਨ ਮਾਰੇ ਗਏ ਹਨ, ਦੀ ਰਿਪੋਰਟ ਵੀ ਸੌਂਪੀ ਜਾਵੇ।
ਗਿਰਦਾਵਰੀ ’ਚ ਕੁਤਾਹੀ ਬਰਦਾਸ਼ਤ ਨਹੀਂ ਕਰਾਂਗੇ: ਧਾਲੀਵਾਲ
Advertisementਅਜਨਾਲਾ (ਪੱਤਰ ਪ੍ਰੇਰਕ): ਅਜਨਾਲਾ ਸਹਿਕਾਰੀ ਖੰਡ ਮਿੱਲ ਪਿੰਡ ਭਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮਾਲ ਵਿਭਾਗ ਦੇ ਪਟਵਾਰੀਆਂ ਦੀਆਂ 25 ਟੀਮਾਂ ਅਤੇ ਪੰਚਾਇਤੀ ਰਾਜ, ਲੋਕ ਨਿਰਮਾਣ ਵਿਭਾਗ, ਪੁੱਡਾ ਤੇ ਵਿਭਾਗਾਂ ਦੇ ਜੂਨੀਅਰ ਇੰਜਨੀਅਰਾਂ ’ਤੇ ਅਧਾਰਿਤ 48 ਟੀਮਾਂ ਨੂੰ ਅਜਨਾਲਾ ਦੇ 100 ਪਿੰਡਾਂ ’ਚ ਹੜ੍ਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦੀ ਗਿਰਦਾਵਰੀ ਅਤੇ ਹੜ੍ਹ ਪੀੜਤਾਂ ਦੇ ਨੁਕਸਾਨੇ ਗਏ ਘਰਾਂ ਦਾ ਸਰਵੇਖਣ ਕਰਕੇ ਮੁਆਵਜ਼ੇ ਲਈ ਰਿਪੋਰਟਾਂ ਤਿਆਰ ਕਰਨ ਲਈ ਰਵਾਨਾ ਕੀਤਾ। ਇਸ ਤੋਂ ਪਹਿਲਾਂ ਕੰਪਲੈਕਸ ਵਿੱਚ ਐਸ ਡੀ ਐਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਉਕਤ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਤੇ ਸਾਬਕਾ ਮੰਤਰੀ ਧਾਲੀਵਾਲ ਨੇ ਕਿਹਾ ਕਿ ਫਸਲਾਂ ਦੇ ਹੋਏ ਖਰਾਬੇ ਦੀਆਂ ਗਿਰਦਾਵਰੀਆਂ ਅਤੇ ਨੁਕਸਾਨੇ ਗਏ ਘਰਾਂ ਦਾ ਸਰਵੇਖਣ ਪਿੰਡ ਪਿੰਡ ਜਾਣ ਦੀ ਬਜਾਏ ਘਰ ਬੈਠ ਕੇ ਜਾਂ ਪ੍ਰਭਾਵਿਤ ਲੋਕਾਂ ਕੋਲੋਂ ਨੁਕਸਾਨੇ ਗਏ ਘਰਾਂ ਦੀਆਂ ਤਸਵੀਰਾਂ ਮੋਬਾਈਲ ’ਤੇ ਮੰਗਵਾ ਕੇ ਸਰਵੇਖਣ ਰਿਪੋਰਟਾਂ ਤਿਆਰ ਕਰਨ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਕੁਤਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਿਹਤ ਵਿਭਾਗ ਵੱਲੋਂ 60 ਹਜ਼ਾਰ ਲੋਕਾਂ ਦਾ ਸਿਹਤ ਸਬੰਧੀ ਸਰਵੇ
ਅੰਮ੍ਰਿਤਸਰ (ਟਨਸ): ਹੜ੍ਹਾਂ ਨਾਲ ਪ੍ਰਭਾਵਿਤ ਇਲਾਕੇ ਵਿੱਚ ਲਗਪਗ 60 ਹਜ਼ਾਰ ਲੋਕਾਂ ਦੇ ਹੋ ਚੁੱਕੇ ਸਿਹਤ ਸਰਵੇ ਤੋਂ ਫਿਲਹਾਲ ਕਿਸੇ ਵੱਡੀ ਬਿਮਾਰੀ ਦਾ ਕੋਈ ਸੰਕੇਤ ਨਹੀਂ ਹੈ ਅਤੇ ਨਾ ਹੀ ਕੋਈ ਵੱਡੀ ਸਿਹਤ ਸਮੱਸਿਆ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹੁਣ ਤੱਕ ਪ੍ਰਭਾਵਿਤ ਆਬਾਦੀ ਵਿੱਚੋਂ 60 ਹਜ਼ਾਰ ਦੇ ਕਰੀਬ ਲੋਕਾਂ ਦਾ ਸਿਹਤ ਸਰਵੇ ਕੀਤਾ ਜਾ ਚੁੱਕਾ ਹੈ। ਜਦੋਂ ਕਿ ਕਰੀਬ ਇਕ ਲੱਖ 35 ਹਜ਼ਾਰ ਆਬਾਦੀ ਹੜ੍ਹਾਂ ਨਾਲ ਪ੍ਰਭਾਵਿਤ ਹੋਈ ਹੈ, ਜਿਸ ’ਚੋਂ ਕੀਤਾ ਗਿਆ ਇਹ ਸਰਵੇ ਅਨੁਸਾਰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਫਿਲਹਾਲ ਨਹੀਂ ਹੈ।