ਚਾਰ ਪਿੰਡਾਂ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ
ਅੱਜ ਸੁਜਾਨਪੁਰ ਹਲਕੇ ਅੰਦਰ ਪੈਂਦੇ ਪਿੰਡ ਰਾਣੀਪੁਰ ਝਿਕਲਾਂ ਮੁਹੱਲਾ ਬੈਂਸਾਂ ਦੇ ਵਾਸੀਆਂ ਕੁਲਵੰਤ ਸਿੰਘ, ਸ਼ੇਰ ਸਿੰਘ, ਸੂਬਾ ਸਿੰਘ ਆਦਿ ਨੇ ਕਿਹਾ ਕਿ 20 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੇ ਪਿੰਡ ਦੀ ਟੁੱਟੀ ਸੜਕ ਦੀ ਸਾਰ ਨਹੀਂ ਲਈ। ਇਸ ਕਰਕੇ ਉਹ ਇਨ੍ਹਾਂ ਚੋਣਾਂ ਦਾ ਬਾਈਕਾਟ ਕਰਨਗੇ।
ਇਸੇ ਤਰ੍ਹਾਂ ਧਾਰਕਲਾਂ ਖੇਤਰ ਦੇ ਭੰਗੂੜੀ ਪਿੰਡ ਦੇ ਵਾਸੀਆਂ ਨੇ ‘ਪੁਲ ਨਹੀਂ ਤਾਂ ਪੋਲ ਨਹੀਂ’ ਕਹਿ ਕੇ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਸਥਾਨਕ ਲੋਕਾਂ ਅਨੁਸਾਰ, ਚੰਡੋਲਾ ਵਿੱਚ ਸਥਾਈ ਸੜਕ ਦਾ ਨਿਰਮਾਣ ਅਤੇ ਕੰਕਰੀਟ ਪੁਲ ਦੀ ਘਾਟ ਪਿਛਲੇ ਸਾਲ ਮੌਨਸੂਨ ਵਿੱਚ ਰੁੜ੍ਹ ਜਾਣ ਨਾਲ ਚਿੰਤਾ ਦਾ ਕਾਰਨ ਬਣੀ ਹੋਈ ਹੈ। ਪੁਲ ਦੀ ਇਸ ਘਾਟ ਨੇ ਨਾ ਸਿਰਫ ਲੋਕਾਂ ਦੀ ਆਵਾਜਾਈ ਵਿੱਚ ਰੁਕਾਵਟ ਪਾਈ ਹੈ ਬਲਕਿ ਰੋਜ਼ਾਨਾ ਜੀਵਨ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰੱਖਿਆ ਹੈ।
ਇੱਕ ਹੋਰ ਸੜਕ ਸੁਜਾਨਪੁਰ-ਜੁਗਿਆਲ ਵਾਲੀ 25 ਸਾਲਾਂ ਤੋਂ ਨਾ ਬਣਨ ਕਰਕੇ ਮੈਰਾ ਪਿੰਡ ਦੇ ਵਾਸੀਆਂ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਚੌਥਾ ਮਾਮਲਾ ਗੰਦਲਾ ਲਾਹੜੀ-ਛੋਟੇਪੁਰ ਵਾਲੀ ਸੜਕ ਦਾ ਹੈ। ਇਸ ਸੜਕ ਦੇ ਨਿਰਮਾਣ ਵਿੱਚ ਦੇਰੀ ਨੂੰ ਲੈ ਕੇ ਪਿੰਡ ਵਾਸੀਆਂ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
