ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਕੇ ਕਾਰਵਾਈ ਮੰਗੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਲਾਜ਼ਮਾਂ ਵੱਲੋਂ ਬਣਾਈ ਗਈ ਸੇਵਾਮੁਕਤ ਕਰਮਚਾਰੀ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੋੜਾਸਿੰਘਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕਿ ਬੀਤੇ ਦਿਨੀਂ ਰਾਜਸਥਾਨ ਵਿੱਚ ਸਿਵਲ ਜੱਜ ਦੀ ਪ੍ਰੀਖਿਆ ਸਮੇਂ ਅੰਮ੍ਰਿਤਧਾਰੀ ਸਿੱਖ ਬੀਬੀ ਗੁਰਪ੍ਰੀਤ ਕੌਰ ਨੂੰ ਸਿੱਖ ਕਕਾਰ ਪਹਿਨੇ ਹੋਣ ਕਾਰਨ ਦਾਖਲ ਹੋਣ ਤੋਂ ਰੋਕਣ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਅੰਮ੍ਰਿਤਧਾਰੀ ਸਿੱਖਾਂ ਨਾਲ ਦੇਸ਼ ’ਚ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਸੂਬੇ ਦੇ ਮੁੱਖ ਮੰਤਰੀ ਨੇ ਘਟਨਾ ਮਗਰੋਂ ਪੀੜਤ ਨੂੰ ਇਨਸਾਫ਼ ਦੇਣ ਅਤੇ ਅਜਿਹੀ ਘਟਨਾ ਮੁੜ ਵਾਪਰਨ ਤੋਂ ਰੋਕਣ ਲਈ ਕੀ ਹਦਾਇਤਾਂ ਜਾਰੀ ਕੀਤੀਆਂ ਹਨ?
ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ’ਚ ਕਿਹਾ ਕਿ ਰਾਜਸਥਾਨ ਵਿੱਚ ਸਿਵਲ ਜੱਜ ਦੀ ਪ੍ਰੀਖਿਆ ਸਮੇਂ ਬੀਬੀ ਗੁਰਪ੍ਰੀਤ ਕੌਰ ਨੂੰ ਸਿੱਖ ਕਕਾਰ ਪਹਿਨੇ ਹੋਣ ਕਾਰਨ ਦਾਖਲ ਹੋਣ ਤੋਂ ਰੋਕਣ ’ਤੇ ਸਿੱਖ ਪੰਥ ’ਚ ਰੋਸ ਹੈ। ਸਿੱਖਾਂ ਨਾਲ ਅਜਿਹਾ ਵਿਤਕਰਾ ਸਹਿਣਯੋਗ ਨਹੀਂ ਹੈ ਅਤੇ ਨਾ ਹੀ ਸੰਵਿਧਾਨ ਅਜਿਹਾ ਕਰਨ ਦੀ ਆਗਿਆ ਦਿੰਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਅਜਿਹੀ ਘਟਨਾ ਮੁੜ ਵਾਪਰਨ ਤੋਂ ਰੋਕਣ ਲਈ ਇਸ ਸਬੰਧੀ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਕੇ ਸਬੰਧਤ ਸਥਾਨਾਂ ’ਤੇ ਜਾਣੂ ਕਰਵਾਇਆ ਜਾਵੇ।