ਹੜ੍ਹ ਸਰਕਾਰਾਂ ਨੇ ਲਿਆਂਦੇ, ਨਾ ਕਿ ਕੁਦਰਤੀ ਕਰੋਪੀ ਨੇ: ਚੌਤਾਲਾ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਡੇਰਾ ਬਾਬਾ ਨਾਨਕ ਸਾਹਿਬ ਦਾ ਗਠਨ ਸੂਬਾ ਕਮੇਟੀ ਮੈਂਬਰ ਸਵਿੰਦਰ ਸਿੰਘ ਚੌਤਾਲਾ ਅਤੇ ਹਰਵਿੰਦਰ ਸਿੰਘ ਮਸਾਣੀਆਂ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਡੇਢ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਸ਼ਾਹਪੁਰ, ਸਕੱਤਰ ਗੁਰਮੇਜ ਸਿੰਘ ਰੱਤਾ, ਕੈਸ਼ੀਅਰ ਗੁਰਮੀਤ ਸਿੰਘ ਮੇਤਲੇ ਅਤੇ ਕੋਰ ਕਮੇਟੀ ਦੇ ਸੱਤ ਮੈਂਬਰ ਚੁਣੇ ਗਏ। ਜਦੋਂ ਕਿ 32 ਹੋਰ ਮੈਂਬਰ ਲਏ ਹਨ। ਸ੍ਰੀ ਚੌਤਾਲਾ ਨੇ ਕਿਹਾ ਕੀ ਸਰਕਾਰ ਲੋਕਾਂ ਦੀ ਸਾਰ ਨਹੀਂ ਲੈ ਰਹੀ, ਸਗੋਂ ਕੇਂਦਰ ਅਤੇ ਪੰਜਾਬ ਸਰਕਾਰ ਤਾਂ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਹੜ੍ਹਾਂ ਨੂੰ ਕੁਦਰਤੀ ਕਰੋਪੀ ਨਾ ਮੰਨਿਆ ਜਾਵੇ, ਇਹ ਹੜ੍ਹ ਸਰਕਾਰਾਂ ਵੱਲੋਂ ਨੀਤੀ ਦੇ ਤਹਿਤ ਲਿਆਂਦੇ ਗਏ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਸਮਾਂ ਰਹਿੰਦਿਆਂ ਪਤਾ ਸੀ ਕਿ ਡੈਮਾਂ ’ਚ ਪਾਣੀ ਰੋਕਣ ਦੀ ਸਮਰੱਥਾ ਨਹੀਂ, ਫਿਰ ਵੀ ਉਹ ਰੋਕਿਆ ਗਿਆ ਅਤੇ ਫਿਰ ਨੀਤੀ ਤਹਿਤ ਪਾਣੀ ਛੱਡਿਆ ਗਿਆ।’’
ਸੂਬਾ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਮਸਾਣੀਆਂ ਅਤੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੌਜ਼ੀ ਨੇ ਆਖਿਆ ਕਿ ਸਰਹੱਦੀ ਖੇਤਰ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ, ਆਉਂਦੇ ਸਮੇਂ ’ਚ ਸਰਕਾਰ ਕੋਲੋਂ ਇਨ੍ਹਾਂ ਹੜ੍ਹਾਂ ਸਬੰਧੀ ਸਵਾਲ ਪੁੱਛੇ ਜਾਣਗੇ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਕਿਸਾਨ ਮਜ਼ਦੂਰ-ਸੰਘਰਸ਼ ਕਮੇਟੀ ਦਾ ਕੈਂਪ ਲਗਪੱਗ ਲੰਘੇ 46 ਦਿਨ ਤੋਂ ਚੱਲ ਰਿਹਾ ਹੈ। ਜਥੇਬੰਦੀ ਦੇ ਅਹੁਦੇਦਾਰ ਨਿਸ਼ਾਨ ਸਿੰਘ ਮੇੜੇ, ਗੁਰਜੀਤ ਸਿੰਘ ਬੱਲੜਵਾਲ, ਹਰਭਜਨ ਸਿੰਘ ਵੈਰੋਨੰਗਲ, ਹਰਦੀਪ ਸਿੰਘ ਮਹਿਤਾ, ਬਾਬਾ ਸੁਖਦੇਵ ਸਿੰਘ ਨੱਤ, ਮੰਗਲ ਸਿੰਘ ਲੀਲ ਕਲਾਂ, ਸੋਹਣ ਸਿੰਘ ਕਾਲਾ ਨੰਗਲ, ਜਤਿੰਦਰ ਸਿੰਘ ਵਰਿਆਮ , ਹਰਚਰਨ ਸਿੰਘ, ਸਤਨਾਮ ਸਿੰਘ ਖਾਨ ਮਲਕ, ਗੁਰਮੁਖ ਸਿੰਘ ਖਾਨ ਮਲਕ ਆਗੂ ਹਾਜ਼ਰ ਹੋਏ।