ਹੜ੍ਹਾਂ ਦੇ ਝੰਬੇ ਸਰਕਾਰੀ ਮੁਆਵਜ਼ੇ ਨੂੰ ਤਰਸੇ
ਮੋਹਨ ਲਾਲ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ 25 ਅਗਸਤ ਨੂੰ ਤੜਕੇ ਚਾਰ ਵਜੇ ਦਾ ਉਹ ਤਬਾਹੀ ਵਾਲਾ ਮੰਜ਼ਰ ਉਨ੍ਹਾਂ ਨੂੰ ਜ਼ਿੰਦਗੀ ਭਰ ਨਹੀਂ ਭੁੱਲੇਗਾ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਦਾ ਪਾਣੀ ਧੁੱਸੀ ਬੰਨ੍ਹ ਨੂੰ ਤੋੜ ਕੇ ਸ਼ੂਕਾਂ ਮਾਰਦਾ ਹੋਇਆ ਇੰਨੀ ਭਾਰੀ ਮਾਤਰਾ ਵਿੱਚ ਆਇਆ ਕਿ ਉਨ੍ਹਾਂ ਨੂੰ ਆਪਣਾ ਸਾਮਾਨ ਚੁੱਕਣ ਦਾ ਸਮਾਂ ਵੀ ਨਾ ਮਿਲ ਸਕਿਆ। ਆਪਣਾ ਸਭ ਕੁਝ ਹੜ੍ਹਾਂ ਵਿੱਚ ਗੁਆ ਲੈਣ ਦੇ ਬਾਅਦ ਉਹ ਹੁਣ ਤੱਕ ਸਰਕਾਰੀ ਦਫਤਰਾਂ ਦੇ ਅਨੇਕਾਂ ਚੱਕਰ ਲਗਾ ਚੁੱਕਾ ਹੈ ਪਰ ਅਜੇ ਤੱਕ ਮੁਆਵਜ਼ਾ ਨਸੀਬ ਨਹੀਂ ਹੋਇਆ। ਇਹੀ ਹਾਲ ਧਰਮਪਾਲ ਦਾ ਹੈ, ਜੋ ਹੈਂਡ ਪੰਪ ਲਗਾਉਣ ਦਾ ਕੰਮ ਕਰਦਾ ਸੀ ਅਤੇ ਆਪਣੇ ਛੇ ਮੈਂਬਰਾਂ ਨਾਲ ਉੱਥੇ ਰਹਿ ਰਿਹਾ ਸੀ, ਉਸ ਦਾ ਵੀ ਸਾਰਾ ਸਾਮਾਨ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਿਆ। ਉਹ ਵੀ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਕੇ ਥੱਕ ਗਿਆ ਹੈ।
ਪਠਾਨਕੋਟ ਦੇ ਡੀ ਆਰ ਓ ਸੰਜੀਵ ਪਠਾਨੀਆ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਯੂਨੀਅਨ ਬੈਂਕ ਆਫ ਇੰਡੀਆ ਵਿੱਚ ਮੁਆਵਜ਼ਾ ਦੇਣ ਲਈ ਚਾਰ ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਗਈ ਹੈ ਅਤੇ ਬੈਂਕ ਵਾਲੇ ਜਲਦੀ ਹੀ ਇਨ੍ਹਾਂ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪੈਸੇ ਭੇਜ ਦੇਣਗੇੇ। ਉਨ੍ਹਾਂ ਇਹ ਵੀ ਦੱਸਿਆ ਕਿ ਹੜ੍ਹਾਂ ਦੌਰਾਨ ਜ਼ਿਲ੍ਹੇ ਅੰਦਰ ਹਜ਼ਾਰ ਦੇ ਕਰੀਬ ਮਕਾਨ ਪ੍ਰਭਾਵਿਤ ਹੋਏ ਹਨ। ਸਰਕਾਰ ਦੇ ਫੈਸਲੇ ਅਨੁਸਾਰ ਤਬਾਹ ਹੋ ਚੁੱਕੇ ਘਰਾਂ ਨੂੰ ਇੱਕ ਲੱਖ 40 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਤਰੇੜਾਂ ਵਗੈਰਾ ਵਾਲੇ ਮਕਾਨਾਂ ਦਾ 40,000 ਰੁਪਏ ਮੁਆਵਜ਼ਾ ਜਲਦੀ ਦਿੱਤਾ ਜਾਵੇਗਾ।
