ਸਾਉਣ ਦੀ ਝੜੀ ਕਾਰਨ ਪਠਾਨਕੋਟ ਜ਼ਿਲ੍ਹੇ ’ਚ ਹੜ੍ਹ ਵਰਗੇ ਹਾਲਾਤ
ਇਸੇ ਤਰ੍ਹਾਂ ਪਠਾਨਕੋਟ ਸ਼ਹਿਰ ਦੇ ਤੂੜੀ ਵਾਲਾ ਚੌਂਕ ਵਿੱਚ ਇੱਕ ਕਾਰ ਪਾਣੀ ਵਿੱਚ ਡੁੱਬ ਗਈ ਤੇ ਚਾਲਕ ਵਿੱਚੇ ਹੀ ਫਸ ਗਿਆ ਜਿਸ ਨੂੰ ਬਾਅਦ ਵਿੱਚ ਕਰੇਨ ਨਾਲ ਕੱਢਿਆ ਗਿਆ। ਪਠਾਨਕੋਟ ਦੇ ਸਿਵਲ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਵੀ ਪੂਰੀ ਤਰ੍ਹਾਂ ਟੁੱਟ ਗਈ ਹੈ ਤੇ ਜ਼ਮੀਨ ਖਿਸਕ ਕੇ ਚੱਕੀ ਦਰਿਆ ਦੀ ਭੇਟ ਚੜ੍ਹ ਗਈ ਹੈ। ਜਿਸ ਨਾਲ ਹਿਮਾਚਲ ਦੇ 4 ਪਿੰਡਾਂ ਮਾਜਰਾ ਵਗੈਰਾ ਦੇ ਲੋਕਾਂ ਦਾ ਪਠਾਨਕੋਟ ਨਾਲ ਸੰਪਰਕ ਟੁੱਟ ਗਿਆ ਹੈ। ਇਸ ਖੇਤਰ ਵਿੱਚੋਂ ਦੁੱਧ ਸਪਲਾਈ ਕਰਨ ਵਾਲੇ ਗੁੱਜਰ ਅਤੇ ਰੋਜ਼ਮਰਾ ਜ਼ਿੰਦਗੀ ਨਾਲ ਸਬੰਧਤ ਪਠਾਨਕੋਟ ਆਉਣ ਵਾਲੇ ਲੋਕ ਮਿਲਟਰੀ ਹਸਪਤਾਲ ਵਿੱਚੋਂ ਦੀ ਪੈਦਲ ਲੰਘ ਕੇ ਇਸ ਸੜਕ ਦੇ ਦੂਸਰੇ ਪਾਸੇ ਪੁੱਜੇ ਤੇ ਫਿਰ ਪਠਾਨਕੋਟ ਸ਼ਹਿਰ ਅੰਦਰ ਗਏ। ਮਿਲਟਰੀ ਹਸਪਤਾਲ ਦੀ ਚਾਰਦੀਵਾਰੀ ਨੂੰ ਵੀ ਚੱਕੀ ਦਰਿਆ ਨਾਲ ਖਤਰਾ ਖੜ੍ਹਾ ਹੋ ਗਿਆ ਹੈ। ਇਥੇ ਹੀ ਰੇਲਵੇ ਪੁਲ ਦੇ ਨਾਲ ਲੱਗਦੀ ਹਿਮਾਚਲ ਦੇ ਢਾਂਗੂ ਪੀਰ ਪਿੰਡ ਦੀ ਜ਼ਮੀਨ ਨੂੰ ਵੀ ਚੱਕੀ ਦਰਿਆ ਨੇ ਕਾਫੀ ਖੋਰਾ ਲਗਾਇਆ।
ਪਠਾਨਕੋਟ ਦੇ ਮਲਿਕਪੁਰ ਸਥਿਤ ਰਘੂਨਾਥ ਕਲੌਨੀ ਵਿੱਚ ਵੀ ਛੋਟੀ ਨਹਿਰ ਦਾ ਪਾਣੀ ਓਵਰਫਲੋਅ ਹੋ ਜਾਣ ਨਾਲ ਪੂਰੀ ਕਲੋਨੀ ਵਿੱਚ ਪਾਣੀ ਭਰ ਗਿਆ ਹੈ। ਨਹਿਰੀ ਵਿਭਾਗ ਦੇ ਐੱਸਡੀਓ ਮੋਹਿਤ ਅਤੇ ਜੇਈ ਤਰਸੇਮ ਨੇ ਅੱਜ ਮੌਕੇ ’ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੇ ਇਲਾਵਾ ਸੁਜਾਨਪੁਰ ਅੰਦਰ ਵੀ ਪਾਣੀ ਨੇ ਕਾਫੀ ਤਬਾਹੀ ਮਚਾਈ। ਸੁਜਾਨਪੁਰ ਦਾ ਪੁਲੀਸ ਥਾਣਾ, ਸਾਂਝ ਕੇਂਦਰ ਅਤੇ ਬੀਡੀਪੀਓ ਦਫਤਰ ਪਾਣੀ ਵਿੱਚ ਡੁੱਬ ਗਏ। ਲੋਕ ਆਪਣੇ ਜ਼ਰੂਰੀ ਕੰਮ ਲਈ ਥਾਣੇ ਅਤੇ ਸਾਂਝ ਕੇਂਦਰ ਪਹੁੰਚੇ ਸਨ, ਪਰ ਕਮਰੇ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਨਾ ਤਾਂ ਉਹ ਥਾਣੇ ਦੇ ਅੰਦਰ ਜਾ ਸਕੇ ਅਤੇ ਨਾ ਹੀ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕੇ। ਅਜ਼ੀਜ਼ਪੁਰ ਨੂੰ ਜਾਣ ਵਾਲੀ ਸੜਕ ’ਤੇ ਇੱਕ ਦਰੱਖਤ ਡਿੱਗ ਪਿਆ। ਜਿਸ ਕਾਰਨ ਕਾਫੀ ਸਮਾਂ ਟ੍ਰੈਫਿਕ ਜਾਮ ਰਿਹਾ ਤੇ ਅਖੀਰੀ ਲੋਕਾਂ ਨੇ ਖੁਦ ਹੀ ਦਰਖਤ ਨੂੰ ਪਾਸੇ ਹਟਾਇਆ ਤੇ ਫਿਰ ਟ੍ਰੈਫਿਕ ਚਾਲੂ ਹੋ ਸਕਿਆ।
ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਵਿੱਚ ਵਗਦਾ ਸ਼ਿੰਗਾਰਵਾਂ ਨਾਲਾ ਅਤੇ ਬਮਿਆਲ ਖੇਤਰ ਵਿੱਚ ਵਗਦਾ ਜਲਾਲੀਆ ਨਾਲਾ ਪੂਰੀ ਤਰ੍ਹਾਂ ਪਾਣੀ ਨਾਲ ਉਛਲ ਗਏ ਜਿਸ ਕਾਰਨ ਇਲਾਕੇ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ। ਇਲਾਕੇ ਦੀਆਂ ਜ਼ਿਆਦਾਤਰ ਲਿੰਕ ਸੜਕਾਂ ’ਤੇ ਪਾਣੀ ਦੇ ਤੇਜ਼ ਬਹਾਅ ਕਾਰਨ ਕਈ ਪਿੰਡਾਂ ਦਾ ਸਿੱਧਾ ਸੰਪਰਕ ਟੁੱਟ ਗਿਆ। ਬਮਿਆਲ ਦਾ ਮਗਵਾਲ ਚੌਂਕ ਵਾਲਾ ਪੁਲੀਸ ਨਾਕਾ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ। ਜ਼ਿਆਦਾ ਪਾਣੀ ਕਾਰਨ ਨਰੋਟ ਜੈਮਲ ਸਿੰਘ ਬੱਸ ਅੱਡਾ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ। ਇਸ ਤੋਂ ਇਲਾਵਾ ਬਿਜਲੀ ਦਫ਼ਤਰ ਨਰੋਟ ਜੈਮਲ ਸਿੰਘ ਅਤੇ ਕਸਬਾ ਬਮਿਆਲ ਦੀ ਪੁਲੀਸ ਚੌਂਕੀ ਵੀ ਪਾਣੀ ਵਿੱਚ ਡੁੱਬ ਗਈ। ਜਲਾਲੀਆ ਨਾਲੇ ਦਾ ਪਾਣੀ ਖੇਤਾਂ ਵਿੱਚ ਵੜ ਜਾਣ ਨਾਲ ਕਿਸਾਨਾਂ ਦੀਆਂ ਫਸਲਾਂ, ਜਾਨਵਰ ਅਤੇ ਚਾਰਾ ਪਾਣੀ ਵਿੱਚ ਡੁੱਬ ਗਿਆ।