ਹੜ੍ਹਾਂ ਦੇ ਝੰਬੇ ਲੋਕ ਸਰਕਾਰੀ ਮੁਆਵਜ਼ੇ ਦੀ ਆਸ ’ਚ
ਮੋਹਨ ਲਾਲ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ 25 ਅਗਸਤ ਨੂੰ ਤੜਕੇ 4 ਵਜੇ ਦਾ ਉਹ ਤਬਾਹੀ ਵਾਲਾ ਮੰਜ਼ਰ ਉਨ੍ਹਾਂ ਨੂੰ ਜ਼ਿੰਦਗੀ ਭਰ ਨਹੀਂ ਭੁੱਲੇਗਾ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਦਾ ਪਾਣੀ ਧੁੱਸੀ ਬੰਨ੍ਹ ਤੋੜ ਕੇ ਸ਼ੂਕਾਂ ਮਾਰਦਾ ਹੋਇਆ ਇੰਨੀ ਭਾਰੀ ਮਾਤਰਾ ਵਿੱਚ ਆਇਆ ਕਿ ਉਨ੍ਹਾਂ ਨੂੰ ਆਪਣਾ ਸਾਮਾਨ ਚੁੱਕਣ ਦਾ ਸਮਾਂ ਵੀ ਨਾ ਮਿਲ ਸਕਿਆ ਅਤੇ ਉਹ ਆਪਣੀਆਂ ਜਾਨਾਂ ਹੀ ਬਚਾ ਸਕੇ।
ਮੋਹਨ ਲਾਲ ਜੋ ਰਾਜ ਮਿਸਤਰੀ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਉਨ੍ਹਾਂ ਦੋਵਾਂ ਭਰਾਵਾਂ ਨੇ 10 ਸਾਲ ਪਹਿਲਾਂ ਆਪਣੇ ਦੋਨੋਂ ਮਕਾਨ ਬਣਾਏ ਸਨ ਜਿਸ ਵਿੱਚ ਛੇ ਕਮਰੇ, ਬਾਥਰੂਮ ਤੇ ਰਸੋਈਆਂ ਵਗੈਰਾ ਸਨ। ਇਸ ਦੇ ਇਲਾਵਾ ਉਨ੍ਹਾਂ ਨੇ ਗਾਂ ਵੀ ਰੱਖੀ ਹੋਈ ਸੀ ਅਤੇ ਉਸ ਦਾ ਸ਼ੈੱਡ ਵੀ ਪਾਇਆ ਹੋਇਆ ਸੀ। ਹੁਣ ਉਹ ਦੋਵੇਂ ਪਤੀ ਪਤਨੀ ਤੇ ਬੱਚੇ ਕੋਹਲੀਆਂ ਅੱਡੇ ਵਿੱਚ ਕਿਰਾਏ ਦੀ ਦੁਕਾਨ ’ਤੇ ਰਹਿ ਰਹੇ ਹਨ ਜਦ ਕਿ ਉਸ ਦਾ ਦੂਸਰਾ ਭਰਾ ਫਤਿਹਪੁਰ ਵਿਖੇ ਆਪਣੀ ਭੈਣ ਕੋਲ ਪਰਿਵਾਰ ਸਮੇਤ ਰਹਿ ਰਿਹਾ ਹੈ। ਉਨ੍ਹਾਂ ਦਾ ਸਾਰਾ ਸਾਮਾਨ ਦਰਿਆ ਵਿੱਚ ਰੁੜ੍ਹ ਜਾਣ ਬਾਅਦ ਉਹ ਇੱਕ-ਇਕ ਕੰਬਲ ਵਿੱਚ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਦੀ ਦਾ ਮੌਸਮ ਆ ਗਿਆ ਹੈ, ਇੱਥੋਂ ਤੱਕ ਕਿ ਉਨ੍ਹਾਂ ਕੋਲ ਰਜਾਈ ਵੀ ਨਹੀਂ ਹੈ। ਉਸ ਦੇ ਬੇਟੇ ਦੀ ਸ਼ਾਦੀ ਇਸ ਮਹੀਨੇ 10 ਤਰੀਕ ਨੂੰ ਤੈਅ ਕੀਤੀ ਗਈ ਸੀ ਜੋ ਮੁਲਤਵੀ ਕਰਨੀ ਪਈ।
ਇਹੀ ਦਾਸਤਾਂ ਧਰਮਪਾਲ ਦੀ ਹੈ ਜੋ ਹੈਂਡ ਪੰਪ ਲਗਾਉਣ ਦਾ ਕੰਮ ਕਰਦਾ ਸੀ, ਜਿਸ ਦਾ ਸਾਰਾ ਸਾਮਾਨ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਿਆ ਅਤੇ ਉਸ ਨੇ ਕਥਲੌਰ ਲਾਗੇ ਛਾਉੜੀਆਂ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣਾ ਸ਼ੁਰੂ ਕੀਤਾ ਹੈ। ਇਸ ਤੋਂ ਇਲਾਵਾ ਉੱਥੇ 30-40 ਗੁੱਜਰਾਂ ਦੇ ਡੇਰੇ ਅਤੇ 25 ਦੇ ਕਰੀਬ ਦੁਕਾਨਾਂ ਰੁੜ੍ਹ ਗਈਆਂ। ਪਠਾਨਕੋਟ ਦੇ ਐੱਸ ਡੀ ਐੱਮ ਰਕੇਸ਼ ਕੁਮਾਰ ਮੀਨਾ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਹਜ਼ਾਰ ਦੇ ਕਰੀਬ ਮਕਾਨ ਪ੍ਰਭਾਵਿਤ ਹੋਏ ਹਨ। ਸਰਕਾਰ ਦੇ ਫੈਸਲੇ ਅਨੁਸਾਰ ਤਬਾਹ ਹੋ ਚੁੱਕੇ ਘਰਾਂ ਨੂੰ ਇੱਕ ਲੱਖ 40 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਤਰੇੜਾਂ ਵਾਲੇ ਮਕਾਨਾਂ ਦਾ 40,000 ਰੁਪਏ ਮੁਆਵਜ਼ਾ ਜਲਦੀ ਦਿੱਤਾ ਜਾਵੇਗਾ।
