ਪੰਜ ਰੋਜ਼ਾ ਕੌਮਾਂਤਰੀ ਵਪਾਰ ਮੇਲਾ ਪਾਈਟੈਕਸ ਸ਼ੁਰੂ
ਸਥਾਨਕ ਰਣਜੀਤ ਐਵੀਨਿਊ ਵਿੱਚ ਸ਼ੁਰੂ ਹੋਏ ਵਪਾਰ ਮੇਲੇ ਵਿੱਚ ਲਗਭਗ 600 ਸਟਾਲ ਲਾਏ ਗਏ ਹਨ। ਇਸ ਵਪਾਰ ਮੇਲੇ ਵਿੱਚ ਕੱਪੜਾ, ਖਾਣ ਪੀਣ ਦੀਆਂ ਵਸਤਾਂ, ਆਟੋਮੋਬਾਈਲ, ਆਈਟੀ ਸੈਕਟਰ, ਡਰਾਈ ਫਰੂਟ, ਸਜਾਵਟ ਦਾ ਸਾਮਾਨ ਅਤੇ ਹੋਰ ਕਈ ਵਸਤਾਂ ਸ਼ਾਮਿਲ ਹਨ। ਅਫਗਾਨਿਸਤਾਨ ਤੋਂ ਵੀ ਵਪਾਰੀ ਡਰਾਈ ਫਰੂਟ ਅਤੇ ਹੋਰ ਵਸਤਾਂ ਲੈ ਕੇ ਸ਼ਾਮਲ ਹੋਏ ਹਨ। ਪ੍ਰਬੰਧਕਾਂ ਦੇ ਮੁਤਾਬਕ ਇਰਾਨ ਤੋਂ ਵੀ ਕੁਝ ਵਪਾਰੀ ਸ਼ਾਮਲ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਇਸ ਵਪਾਰ ਮੇਲੇ ਵਿੱਚ ਪਾਕਿਸਤਾਨੀ ਕਾਰੋਬਾਰੀ ਵੀ ਵੱਡੀ ਗਿਣਤੀ ਵਿੱਚ ਪੁੱਜਦੇ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਆਪਸੀ ਸਬੰਧ ਠੀਕ ਨਾ ਹੋਣ ਕਾਰਨ ਇਹ ਪਾਕਿਸਤਾਨੀ ਕਾਰੋਬਾਰ ਹੁਣ ਨਹੀਂ ਪੁੱਜਦੇ।
ਇਸ ਦੌਰਾਨ ਅੱਜ ਇੱਥੇ ਪ੍ਰਬੰਧਕਾਂ ਵੱਲੋਂ ਮਹਿਲਾ ਉਦਮੀਆਂ ਦਾ ਸੈਮੀਨਾਰ ਵੀ ਲਾਇਆ ਗਿਆ ਜਿਸ ਵਿੱਚ ਹਿਮਾਚਲ ਤੋਂ ਆਬਕਾਰੀ ਅਤੇ ਕਰ ਵਿਭਾਗ ਦੀ ਸਹਾਇਕ ਕਮਿਸ਼ਨਰ ਪੂਨਮ ਠਾਕਰ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਮਹਿਲਾ ਉੱਦਮੀ ਨਵੇਂ ਜੀ ਐਸ ਟੀ ਕਾਨੂੰਨਾਂ ਦਾ ਫਾਇਦਾ ਉਠਾ ਕੇ ਆਪਣੇ ਕਾਰੋਬਾਰਾਂ ਦਾ ਵਿਸਤਾਰ ਕਰਨ। 19ਵੇਂ ਪਾਈਟੈਕਸ ਦੇ ਪਹਿਲੇ ਦਿਨ 'ਵੇਂਚਰ ਤੋਂ ਵਿਜ਼ਨ ਤੱਕ: ਮਹਿਲਾ ਫਾਉਂਡਰਜ਼ ਨੂੰ ਪ੍ਰੇਰਿਤ ਕਰਨਾ’ ਵਿਸ਼ੇ ’ਤੇ ਪੈਨਲ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮਹਿਲਾ ਉੱਦਮੀਆਂ ਦੀ ਗਿਣਤੀ ਵਧ ਰਹੀ ਹੈ। ਔਰਤਾਂ ਨੂੰ ਆਪਣੇ ਨਾਲ-ਨਾਲ ਵੱਧ ਤੋਂ ਵੱਧ ਔਰਤਾਂ ਲਈ ਰੁਜ਼ਗਾਰ ਪੈਦਾ ਕਰਨਾ ਚਾਹੀਦਾ ਹੈ। ਇਸ ਮੌਕੇ ਪੀ ਐਚ ਡੀ ਸੀ ਸੀ ਆਈ ਸ਼ੀ ਫੋਰਮ ਦੀ ਮੁਖੀ ਅਲਕਾ ਗੁਰਨਾਨੀ ਨੇ ਕਿਹਾ ਕਿ ਸ਼ੀ ਫੋਰਮ ਰਾਹੀਂ ਮਹਿਲਾ ਉੱਦਮੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਰਾਹੀਂ, ਔਰਤਾਂ ਨੂੰ ਸਿਖਲਾਈ ਦੇ ਕੇ ਆਤਮਨਿਰਭਰ ਬਣਾਇਆ ਜਾ ਰਿਹਾ ਹੈ।
ਫਾਰਮਾਸਿਊਟੀਕਲ ਹੈਲਥ ਐਂਡ ਵੈਲਨੈੱਸ ਕਮੇਟੀ ਦੀ ਕਨਵੀਨਰ ਡਾ. ਵਿਭਾ ਬਾਵਾ ਨੇ ਰੋਜ਼ਾਨਾ ਜੀਵਨ ਵਿੱਚ ਸਰਲ, ਉਪਯੋਗੀ ਪ੍ਰਾਚੀਨ ਗਿਆਨ ਆਯੁਰਵੇਦ ਨੂੰ ਅਪਣਾਉਣ ਦੀ ਸਲਾਹ ਦਿੱਤੀ। ਉੱਦਮੀ ਹਰਪ੍ਰੀਤ ਕੌਰ ਨੇ ਜ਼ੋਰ ਦਿੱਤਾ ਕਿ ਨੌਜਵਾਨ ਔਰਤਾਂ ਨੂੰ ਲੀਡਰਸ਼ਿਪ ਭੂਮਿਕਾਵਾਂ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਸੰਤੁਲਿਤ ਕਰਨਾ ਚਾਹੀਦਾ ਹੈ। ਇਸ ਮੌਕੇ ਸੁਖਪ੍ਰੀਤ ਕੌਰ ਬਾਜਵਾ, ਸ਼ੁਚੀ ਸਿੰਘ ਅਤੇ ਪੀ ਐੱਚ ਡੀ ਸੀ ਸੀ ਆਈ ਦੀ ਸੀਨੀਅਰ ਖੇਤਰੀ ਪ੍ਰਬੰਧਕ ਭਾਰਤੀ ਸੂਦ ਨੇ ਵਿਚਾਰ ਪ੍ਰਗਟਾਏ।
