ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ
ਪਿੰਡ ਧਾਰੀਵਾਲ ਕਲਾਂ ਦੇ ਗੁਰਦੁਆਰਾ ਸਿੰਘ ਸਭਾ ਪੱਤੀ ਚੀਮਾ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਧਾਰੀਵਾਲ ਕਲਾਂ ਬੀਬੀਆਂ ਦੇ ਜਥਿਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਮਗਰੋਂ ਪਿੰਡ ਦੇ ਤਿੰਨ ਗੁਰਦੁਆਰਿਆਂ ਚੜ੍ਹਦੀ ਪੱਤੀ, ਪੱਤੀ ਧਾਲੀਵਾਲ ਅਤੇ ਪੱਤੀ ਚੀਮਾ ਦੇ ਕਰਮਵਾਰ ਬੀਬੀਆਂ ਦੇ ਜਥਿਆਂ (ਸੁਖਮਨੀ ਸੇਵਾ ਸੁਸਾਇਟੀ) ਵੱਲੋਂ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਗ੍ਰੰਥੀ ਸਿੰਘ ਭਾਈ ਮਨਜੀਤ ਸਿੰਘ ਗਿੱਲਮੰਜ ਨੇ ਕਥਾ ਵਿਚਾਰਾਂ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਾਨੂੰ ਸਰਬੱਤ ਦੇ ਭਲੇ, ਬਰਾਬਰਤਾ, ਸੱਚ ਦੇ ਮਾਰਗ ’ਤੇ ਚੱਲਣ,ਵਹਿਮਾਂ ਭਰਮਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਬਾਬਾ ਅਜੈਬ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਪ੍ਰਬੰਧਕ ਸੇਵਾਦਾਰਾਂ ਨੇ ਵਡੇਰੀ ਉਮਰ ਦੇ ਬਜ਼ੁਰਗਾਂ, ਬੀਬੀਆਂ ਦੇ ਜਥਿਆਂ ਅਤੇ ਪ੍ਰਮੁੱਖ ਸਖਸੀਅਤਾਂ ਨੂੰ ਸਨਮਾਨਿਤ ਕੀਤਾ।