ਅਖ਼ਬਾਰਾਂ ਦੀਆਂ ਦੁਕਾਨਾਂ ’ਚ ਅੱਗ ਲੱਗੀ
ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ 15 ਦਿਨ ਪਹਿਲਾਂ ਬਿਜਲੀ ਵਿਭਾਗ ਨੂੰ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਦੀ ਰਿਪੋਰਟ ਦਿੱਤੀ ਸੀ। ਅੱਜ ਦੁਪਹਿਰ ਵੇਲੇ ਜਦੋਂ ਇੱਥੇ ਅੱਗ ਲੱਗੀ ਤਾਂ ਇਹ ਇੰਨੀ ਭਿਆਨਕ ਸੀ ਕਿ ਤਿੰਨ ਫਾਇਰ ਟੈਂਡਰਾਂ ਦੇ ਆਉਣ ਦੇ ਬਾਵਜੂਦ ਇਸ ’ਤੇ ਤੁਰੰਤ ਕਾਬੂ ਨਹੀਂ ਪਾਇਆ ਜਾ ਸਕਿਆ। ਦੁਕਾਨਾਂ ਵਿੱਚ ਸਟੋਰ ਕੀਤਾ ਸਾਰਾ ਸਾਮਾਨ ਤਬਾਹ ਹੋ ਗਿਆ।
ਇੱਕ ਦੁਕਾਨ ਦੀ ਮਾਲਕ ਸਵਿਤਾ ਨਾਰੰਗ ਨੇ ਕਿਹਾ ਕਿ ਲਗਭਗ 15 ਦਿਨ ਪਹਿਲਾਂ ਉਨ੍ਹਾਂ ਬਿਜਲੀ ਦਫ਼ਤਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਤਾਰਾਂ ਖਰਾਬ ਹੋ ਗਈਆਂ ਹਨ ਅਤੇ ਉਨ੍ਹਾਂ ਆਪਣੀ ਦੁਕਾਨ ਦੇ ਸ਼ਟਰ ਵਿੱਚ ਵੀ ਕਰੰਟ ਮਹਿਸੂਸ ਕੀਤਾ ਸੀ। ਉਸ ਦੀਆਂ ਲਾਈਟਾਂ ਦੀ ਮੁਰੰਮਤ ਕਰਨ ਆਏ ਕਰਮਚਾਰੀਆਂ ਨੂੰ ਤਾਰਾਂ ਨੂੰ ਟੇਪ ਕਰਨ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਅੱਗ ਤਾਰਾਂ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਹੈ।
ਦੁਕਾਨਦਾਰ ਪਰਵੀਨ ਸਹਿਗਲ ਨੇ ਕਿਹਾ ਕਿ ਉਸਦੇ ਗੁਆਂਢੀ ਅਸ਼ੋਕ ਕੁਮਾਰ ਨੇ ਉਸ ਨੂੰ ਉਸਦੀ ਦੁਕਾਨ ਵਿੱਚੋਂ ਧੂੰਆਂ ਨਿਕਲਣ ਬਾਰੇ ਸੂਚਿਤ ਕੀਤਾ। ਉਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਅਧਿਕਾਰੀ ਸੁਖਚੈਨ ਸਿੰਘ ਨੇ ਕਿਹਾ ਕਿ ਉਹ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ। ਉਨ੍ਹਾਂ ਪੁਸ਼ਟੀ ਕੀਤੀ ਕਿ ਅੱਗ ਨਾਲ ਕਾਫ਼ੀ ਨੁਕਸਾਨ ਹੋਇਆ ਹੈ, ਕਿਉਂਕਿ ਸਾਰੀਆਂ ਦੁਕਾਨਾਂ ਅਖਬਾਰਾਂ ਨਾਲ ਭਰੀਆਂ ਹੋਈਆਂ ਸਨ ਅਤੇ ਸਾਰਾ ਸਾਮਾਨ ਸੜ ਗਿਆ।
ਅੱਗ ’ਤੇ ਕਾਬੂ ਪਾਉਣ ਲਈ ਦੋ ਹੋਰ ਫਾਇਰ ਬ੍ਰਿਗੇਡ ਗੱਡੀਆਂ ਨੂੰ ਬੁਲਾਇਆ ਗਿਆ। ਅੱਗ ਬੁਝਾਉਣ ਲਈ ਟੀਨ ਦੀਆਂ ਛੱਤਾਂ ਨੂੰ ਹਟਾਇਆ ਗਿਆ। ਪੁਲੀਸ ਵੀ ਮੌਕੇ ’ਤੇ ਮੌਜੂਦ ਸੀ। ਕਾਫ਼ੀ ਜੱਦੋ ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ ਪਰ ਇਸ ਦੌਰਾਨ ਦੁਕਾਨ ਦੁਕਾਨਾਂ ਵਿੱਚ ਰੱਖਿਆ ਸਾਰਾ ਸਾਮਾਨ ਸੜ ਕੇ ਤਬਾਹ ਹੋ ਚੁੱਕਾ ਸੀ।
