ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਵਲ ਹਸਪਤਾਲ ’ਚ ਅੱਗ ਲੱਗੀ

ਲੋਕਾਂ ’ਚ ਭੱਜ ਦੌੜ ਮੱਚੀ
Advertisement
ਇੱਥੇ ਸਰਕਾਰੀ ਸਿਵਲ ਹਸਪਤਾਲ ਵਿੱਚ ਅਜ ਸਵੇਰੇ ਅੱਗ ਲੱਗਣ ਨਾਲ ਦਹਿਸ਼ਤ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਹਸਪਤਾਲ ਦੇ ਬਲੱਡ ਬੈਂਕ ਨਾਲ ਲੱਗਦੇ ਸਟੋਰ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਇੱਥੇ ਨੇੜੇ ਹੀ ਬੱਚਿਆਂ ਦੀ ਵਾਰਡ ਵੀ ਸੀ। ਅੱਗ ਲੱਗਣ ਨਾਲ ਹਸਪਤਾਲ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਆਪਣੇ ਬੱਚਿਆਂ ਨੂੰ ਲੈ ਕੇ ਭੱਜੇ। ਅੱਗ ਕਾਰਨ ਹਸਪਤਾਲ ਧੂੰਏਂ ਨਾਲ ਭਰ ਗਿਆ ਜਿਸ ਨਾਲ ਇਲਾਜ ਲਈ ਆਏ ਮਰੀਜ਼ ਵੀ ਡਰ ਗਏ। ਇਸ ਦੌਰਾਨ ਹਸਪਤਾਲ ਦੇ ਕਰਮਚਾਰੀਆ ਨੇ ਨਾ ਸਿਰਫ ਵਾਰਡ ਦੇ ਸ਼ੀਸ਼ੇ ਤੋੜੇ ਤਾਂ ਸਗੋਂ ਅੱਗ ’ਤੇ ਕਾਬੂ ਪਾਉਣ ਵਾਸਤੇ ਇੱਥੇ ਲੱਗੇ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਕੀਤੀ। ਇਸ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਸਿਵਲ ਸਰਜਨ ਡਾ. ਸਵਰਨਜੀਤ ਧਵਨ ਮੌਕੇ ’ਤੇ ਪਹੁੰਚੇ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਸਨ। ਸਿਵਲ ਸਰਜਨ ਡਾ. ਧਵਨ ਨੇ ਕਿਹਾ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ, ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ।

ਡਾਕਟਰ ਰਸ਼ਮੀ ਨੇ ਮੀਡੀਆ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਹਸਪਤਾਲ ਦੇ ਕਰਮਚਾਰੀਆਂ ਨੂੰ ਅੱਗ ਲੱਗਣ ਤੋਂ ਬਚਾਅ ਸਬੰਧੀ ਸਿਖਲਾਈ ਦਿੱਤੀ ਗਈ ਸੀ, ਜੋ ਅੱਜ ਕੰਮ ਆਈ ਹੈ। ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੇ ਆਖਿਆ ਕਿ ਉਨ੍ਹਾਂ ਲਗਭਗ ਇੱਕ ਘੰਟਾ ਅੱਗ ਬੁਝਾਉਣ ਲਈ ਜੱਦੋ ਜਹਿਦ ਕੀਤੀ। ਉਨ੍ਹਾਂ ਤੁਰੰਤ ਸਾਰੇ ਹਸਪਤਾਲ ਵਿੱਚ ਅੱਗ ਬੁਝਾਉਣ ਵਾਲੇ ਸਿਲੰਡਰ ਇਕੱਠੇ ਕੀਤੇ ਅਤੇ ਫਿਰ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ। ਇਸ ਤੋਂ ਪਹਿਲਾਂ ਸ਼ੀਸ਼ੇ ਤੋੜ ਕੇ ਧੂੰਏਂ ਨੂੰ ਬਾਹਰ ਜਾਣ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਕਿਸੇ ਵੀ ਮਰੀਜ਼ ਦਾ ਧੂੰਏਂ ਕਾਰਨ ਨੁਕਸਾਨ ਨਾ ਹੋਵੇ।

Advertisement

 

Advertisement
Show comments