ਫ਼ਸਲੀ ਖ਼ਰਾਬੇ ਕਾਰਨ ਕਿਸਾਨਾਂ ਨੂੰ ਆਰਥਿਕ ਮਾਰ
ਅਜਨਾਲਾ ਖੇਤਰ ਵਿੱਚ ਆਏ ਹੜ੍ਹਾਂ ਕਾਰਨ ਨੀਵੀਆਂ ਥਾਵਾਂ ਅਤੇ ਸੱਕੀ ਨਾਲੇ ਦੇ ਨਾਲ ਨਾਲ ਲੱਗਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਇਸ ਲਈ ਕਿਸਾਨ 100 ਪ੍ਰਤੀਸ਼ਤ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਕਿਸਾਨ ਜਸਬੀਰ ਸਿੰਘ ਗੱਗੋਮਾਹਲ ਨੇ ਦੱਸਿਆ ਕਿ ਉਸ ਦੀ ਸਾਢੇ ਅੱਠ ਏਕੜ ਬਾਸਮਤੀ ਝੋਨੇ ਦੀ ਕਿਸਮ 1692 ਪੂਰੀ ਤਰ੍ਹਾਂ ਖ਼ਰਾਬ ਹੋ ਗਈ। ਹੜ੍ਹ ਕਾਰਨ ਲੰਮਾ ਸਮਾਂ ਪਾਣੀ ਖੜਾ ਰਹਿਣ ਕਰਕੇ ਸਾਰੀ ਫਸਲ ਗਲ ਕੇ ਜ਼ਮੀਨ ਉੱਪਰ ਡਿੱਗ ਪਈ ਜਿਸ ਕਾਰਨ ਉਨ੍ਹਾਂ ਨੂੰ ਵੱਡਾ ਆਰਥਿਕ ਘਾਟਾ ਪਿਆ ਹੈ।
ਇੱਥੇ ਕਿਸਾਨ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਸੱਤ ਏਕੜ ਜ਼ਮੀਨ ਠੇਕੇ ’ਤੇ ਲਈ ਸੀ ਪਰ ਉਹ ਵੀ ਪਾਣੀ ਦੀ ਭੇਟ ਚੜ੍ਹ ਗਈ ਜਿਸ ਵਿੱਚ ਦੋ ਕੁਇੰਟਲ ਦਾਣੇ ਵੀ ਮਿਲਣ ਦੀ ਆਸ ਨਹੀਂ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਬਲਾਕ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਸੋਨੂੰ ਨੇ ਕਿਹਾ ਕਿ ਹੜ੍ਹਾਂ ਕਾਰਨ ਸੱਕੀ ਨਾਲੇ ਵਿੱਚ ਪਾਣੀ ਜ਼ਿਆਦਾ ਰਹਿਣ ਨਾਲ ਉਸ ਦੀ 4 ਏਕੜ ਫਸਲ ਪਾਣੀ ਵਿੱਚ ਖਰਾਬ ਹੋ ਗਈ। ਇਸ ਨਾਲ ਉਸ ਦਾ ਕਰੀਬ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਪਰ ਝੋਨੇ ਦੀ ਆਮਦਨੀ ਦੇ ਹਿਸਾਬ ਨਾਲ ਮੁਆਵਜ਼ਾ ਘੱਟ ਹੈ। ਇੱਥੇ ਹੀ ਗੱਲ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਧਨਵੰਤ ਸਿੰਘ ਖਤਰਾਏ ਕਲਾਂ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ 100 ਪ੍ਰਤੀਸ਼ਤ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਸਰਕਾਰ 20 ਹਜ਼ਾਰ ਰੁਪਏ ਦੀ ਬਜਾਏ 70 ਹਜਾਰ ਰੁਪਏ ਪ੍ਰਤੀ ਏਕੜ ਦੇਵੇ ਤਾਂ ਜੋ ਉਹ ਆਪਣੀ ਅਗਲੀ ਫਸਲ ਦੀ ਬਜਾਈ ਸਮੇਂ ਸਿਰ ਕਰ ਸਕਣ।