ਕਿਸਾਨਾਂ ਵੱਲੋਂ ਕਾਦੀਆਂ ਪੁਲੀਸ ਸਟੇਸ਼ਨ ਅੱਗੇ ਧਰਨਾ
ਇੱਥੇ ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਕਾਦੀਆਂ ਪੁਲੀਸ ਸਟੇਸ਼ਨ ਦੇ ਗੇਟ ’ਤੇ ਧਰਨਾ ਦਿੱਤਾ। ਕਿਸਾਨ ਸਾਬਕਾ ਨਗਰ ਕੌਂਸਲਰ ਗਗਨਦੀਪ ਸਿੰਘ ਗਿੰਨੀ ਭਾਟੀਆ ਅਤੇ ਸਾਬਕਾ ਕੌਂਸਲਰ ਕਾਦੀਆਂ ਵਿਜੇ ਕੁਮਾਰ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਸਨ। ਦੋਵੇਂ ਸਾਬਕਾ ਕੌਂਸਲਰ ਅਕਾਲੀ ਦਲ (ਬਾਦਲ) ਦੇ ਸਰਗਰਮ ਮੈਂਬਰ ਹਨ ਅਤੇ ਗੁਰਇਕਬਾਲ ਸਿੰਘ ਮਾਹਲ ਦੇ ਉਪ ਪ੍ਰਧਾਨ ਅਕਾਲੀ ਦਲ (ਬਾਦਲ) ਦੇ ਸਮਰਥਕ ਹਨ। ਕਿਸਾਨ ਆਗੂਆਂ ਨੇ ਅਕਾਲੀ ਆਗੂ ਗੁਰਇਕਬਾਲ ਸਿੰਘ ਮਾਹਲ ’ਤੇ ਦੋਸ਼ ਲਗਾਏ ਕਿ ਉਸ ਨੇ ਸਾਬਕਾ ਕੌਂਸਲਰ ਗਗਨਦੀਪ ਸਿੰਘ ਗਿੰਨੀ ਭਾਟੀਆ ਅਤੇ ਵਿਜੇ ਕੁਮਾਰ ਦੇ ਸਮਰਥਨ ਵਿੱਚ ਲਗਪਗ 30 ਅਣਪਛਾਤੇ ਆਦਮੀ ਭੇਜੇ ਸਨ ਜਿਨ੍ਹਾਂ ਨੇ ਕਾਦੀਆਂ ਦੇ ਨੇੜੇ ਡੱਲਾ ਪਿੰਡ ਵਿੱਚ ਰਹਿਣ ਵਾਲੇ ਮੰਗਲ ਸਿੰਘ ਦੇ ਘਰ ’ਤੇ ਹਮਲਾ ਕੀਤਾ ਸੀ।
ਕਿਸਾਨ ਦਾ ਵਫ਼ਦ ਕਾਦੀਆਂ ਦੇ ਐੱਸਐੱਚਓ ਗੁਰਮੀਤ ਸਿੰਘ ਨੂੰ ਮਿਲਿਆ। ਕਿਸਾਨ ਗਗਨਦੀਪ ਸਿੰਘ ਅਤੇ ਵਿਜੇ ਕੁਮਾਰ ਵਿਰੁੱਧ ਲਗਾਏ ਦੋਸ਼ਾਂ ਬਾਰੇ ਕੋਈ ਸਬੂਤ ਪੇਸ਼ ਨਹੀਂ ਕਰ ਸਕੇ। ਕਿਸਾਨਾਂ ਨੇ ਐੱਸਐੱਚਓ ਕਾਦੀਆਂ ’ਤੇ ਦੋਸ਼ ਲਗਾਏ ਕਿ ਉਨ੍ਹਾਂ ਨੇ ਕਿਸਾਨ ਯੂਨੀਅਨ ਨਾਲ ਗ਼ਲਤ ਵਿਹਾਰ ਕੀਤਾ ਹੈ ਅਤੇ ਇਸ ਮਾਮਲੇ ਵਿੱਚ ਉਨ੍ਹਾਂ ਨਾਲ ਗੱਲ ਨਹੀਂ ਕੀਤੀ।
ਗਿੰਨੀ ਭਾਟੀਆ ਨੇ ਦੱਸਿਆ ਕਿ ਮੰਗਲ ਸਿੰਘ ਤੇ ਉਸ ਦੇ ਸਮਰਥਕ ਪ੍ਰਸ਼ਾਸਨ ਨੂੰ ਗੁਮਰਾਹ ਕਰ ਰਹੇ ਹਨ ਅਤੇ ਪੁਲੀਸ ਨੂੰ ਵੀ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਇਕਬਾਲ ਸਿੰਘ ਮਾਹਲ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਕਿਸਾਨ ਜਨਤਾ ਦੀਆਂ ਨਜ਼ਰਾਂ ਵਿੱਚ ਸ੍ਰੀ ਮਾਹਲ ਦੀ ਸਾਖ ਨੂੰ ਢਾਹ ਲਾਉਣਾ ਚਾਹੁੰਦੇ ਹਨ। ਉਨ੍ਹਾਂ ਮੰਗਲ ਸਿੰਘ ਅਤੇ ਉਸ ਦੇ ਸਮਰਥਕਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ।