ਕਿਸਾਨਾਂ ਨੇ ਚਿੱਪ ਵਾਲੇ ਮੀਟਰ ਪੁੱਟੇ
ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਿਜਲੀ ਸੋਧ ਬਿੱਲ-2025 ਦਾ ਵਿਰੋਧ ਕਰਦਿਆਂ ਬਿਜਲੀ ਦੇ ਚਿੱਪ ਵਾਲੇ ਮੀਟਰ ਪੁੱਟ ਕੇ ਬਿਜਲੀ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਏ ਗਏ। ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਥਾਨਕ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ, ਜਨਰਲ ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਜ਼ਿਲ੍ਹਾ ਆਗੂ ਜਰਨੈਲ ਸਿੰਘ ਨੂਰਦੀ ਤੇ ਹਰਬਿੰਦਰਜੀਤ ਸਿੰਘ ਕੰਗ ਦੀ ਅਗਵਾਈ ਹੇਠ ਖਪਤਕਾਰਾਂ ਦੇ ਘਰਾਂ ’ਚ ਲਾਏ ਬਿਜਲੀ ਚਿੱਪ ਵਾਲੇ (ਪ੍ਰੀਪੇਡ) ਮੀਟਰ ਉਤਾਰ ਕੇ ਵੱਖ-ਵੱਖ ਥਾਵਾਂ ’ਤੇ ਬਿਜਲੀ ਦਫ਼ਤਰਾਂ ਵਿੱਚ ਪਾਵਰਕੌਮ ਅਧਿਕਾਰੀਆਂ ਹਵਾਲੇ ਕੀਤੇ ਗਏ। ਜਥੇਬੰਦੀ ਦੇ ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਸ਼ਕਰੀ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਸਰਹਾਲੀ ਅਤੇ ਨੌਸ਼ਹਿਰਾ ਪਨੂੰਆਂ ਵਿੱਚ ਪਾਵਰਕੌਮ ਦੇ ਉੱਪ ਮੰਡਲ ਦਫਤਰਾਂ ਵਿੱਚ 400 ਤੋਂ ਵੀ ਵਧੇਰੇ ਚਿੱਪ ਵਾਲੇ ਮੀਟਰ ਉਤਾਰ ਕੇ ਅੱਜ ਪਾਵਰਕੌਮ ਦੇ ਦਫਤਰਾਂ ਵਿੱਚ ਦਿੱਤੇ ਗਏ ਹਨ| ਹੋਰਨਾਂ ਥਾਵਾਂ ’ਤੇ ਇਸ ਮੁਹਿੰਮ ਦੀ ਅਗਵਾਈ ਜਥੇਬੰਦੀ ਦੀਆਂ ਮਹਿਲਾ ਆਗੂਆਂ ਰਣਜੀਤ ਕੌਰ, ਦਵਿੰਦਰ ਕੌਰ ਪਿੱਦੀ, ਉਪਜੀਤ ਕੌਰ ਨੇ ਕੀਤੀ|
ਇਸ ਦੌਰਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਕਿਹਾ ਕਿ ਜਥੇਬੰਦੀ ਨੇ ਇਕ ਅਨੁਮਾਨ ਅਨੁਸਾਰ ਜ਼ਿਲ੍ਹੇ ਅੰਦਰ 10,000 ਦੇ ਕਰੀਬ ਪ੍ਰੀ-ਪੇਡ ਮੀਟਰ ਉਤਾਰ ਕੇ ਅਧਿਕਾਰੀਆਂ ਦੇ ਹਵਾਲੇ ਕਰਨੇ ਹਨ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਬਿਜਲੀ ਦੀ ਵੰਡ ਆਦਿ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਕਰਨ ਲਈ ਇਹ ਚਾਲ ਚੱਲੀ ਜਾ ਰਹੀ ਹੈ ਜਿਸ ਨੂੰ ਪੰਜਾਬ ਦਾ ਖਪਤਕਾਰ ਕਾਮਯਾਬ ਨਹੀਂ ਹੋਣ ਦੇਵੇਗਾ| ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸੋਧ ਬਿੱਲ-2025 ਰੱਦ ਕੀਤਾ ਜਾਵੇ।
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਸੱਦੇ ’ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਿਜਲੀ ਸੋਧ ਬਿੱਲ-2025 ਦਾ ਵਿਰੋਧ ਕਰਦਿਆਂ ਬਿਜਲੀ ਦੇ ਚਿੱਪ ਵਾਲੇ ਮੀਟਰ ਪੁੱਟ ਕੇ ਕਿਸਾਨ ਆਗੂ ਦਵਿੰਦਰ ਸਿੰਘ, ਅੰਗਰੇਜ਼ ਸਿੰਘ, ਹਰੀ ਸਿੰਘ ਚਾਟੀਵਿੰਡ, ਕੰਵਲਜੀਤ ਸਿੰਘ ਵਣਚੜੀ, ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਚੱਬਾ, ਗੁਰਮੀਤ ਸਿੰਘ ਮੰਡਿਆਲਾ, ਰਣਜੀਤ ਸਿੰਘ ਤੇ ਬਲਰਾਜ ਸਿੰਘ ਗੁਰੂਵਾਲੀ ਦੀ ਅਗਵਾਈ ਵਿੱਚ ਸਬ-ਡਿਵੀਜ਼ਨ ਕੋਟ ਮਿੱਤ ਸਿੰਘ ਗੁਰੂਵਾਲੀ ਵਿੱਚ ਜਮ੍ਹਾਂ ਕਰਵਾਏ ਗਏ। ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਚਿੱਪ ਵਾਲੇ ਮੀਟਰ ਬਿਜਲੀ ਬੋਰਡ ਦੇ ਨਿੱਜੀਕਰਨ ਦਾ ਰਾਹ ਪੱਧਰਾ ਕਰ ਰਹੇ ਹਨ ਜਿਸ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਵਿਧਾਨ ਸਭਾ ਵਿੱਚ ਮਤਾ ਪਾਸ ਕਰ ਕੇ 2025 ਸੋਧ ਬਿੱਲ ਰੱਦ ਕਰੇ ਅਤੇ ਬਿਜਲੀ ਦੇ ਚਿੱਪ ਮੀਟਰ ਲਾਉਣੇ ਬੰਦ ਕਰੇ। ਉਨ੍ਹਾਂ ਆਖਿਆ ਕਿ ਅੱਜ ਮੁਜ਼ਾਹਰੇ ਦੌਰਾਨ ਬਿਜਲੀ ਖਪਤਕਾਰਾਂ ਸਮੇਤ ਕਿਸਾਨ ਮਜ਼ਦੂਰ ਆਗੂ ਹਾਜ਼ਰ ਸਨ।
ਧਰਨੇ ਵਿੱਚ ਕਿਸਾਨ ਮਜ਼ਦੂਰ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਬਿਜਲੀ ਸੋਧ ਬਿੱਲ-2025 ਰੱਦ ਕਰਨ, ਚਿੱਪ ਵਾਲੇ ਬਿਜਲੀ ਮੀਟਰ ਲਾਉਣੇ ਬੰਦ ਕਰਨ, ਸ਼ੰਭੂ ਬਾਰਡਰ ’ਤੇ 2 ਕਰੋੜ 77 ਲੱਖ ਰੁਪਏ ਦੇ ਸਾਮਾਨ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ, ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਸਮੇਤ ਹੋਰ ਮੰਗਾਂ ਨੂੰ ਪੂਰੀਆਂ ਕਰਨ ਦੀ ਅਪੀਲ ਕੀਤੀ।
ਇਸ ਦੌਰਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਲੋਕਾਂ ਦੇ ਹੱਕਾਂ ’ਤੇ ਡਾਕਾ ਮਾਰ ਕੇ ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰਕੇ ਦੇਸ਼ ਨੂੰ ਤਬਾਹ ਕਰਨ ਲਈ ਕਾਰਪੋਰੇਟਾਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ।
