ਕਿਸਾਨਾਂ ਦਾ ਵਫ਼ਦ ਥਾਣਾ ਮੁਖੀ ਨੂੰ ਮਿਲਿਆ
ਕੇਸ ਵਿੱਚ ਨਾਮਜ਼ਦ ਬੇਗੁਨਾਹ ਵਿਅਕਤੀਆਂ ਦੇ ਨਾਂ ਕੱਢਣ ਦੀ ਅਪੀਲ
Advertisement
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਬਲਜਿੰਦਰ ਸਿੰਘ ਨੌਸ਼ਹਿਰਾ ਦੀ ਅਗਵਾਈ ਵਿੱਚ ਵਫ਼ਦ ਥਾਣਾ ਮੁਖੀ ਦੋਰਾਂਗਲਾ ਬਨਾਰਸੀ ਦਾਸ ਨੂੰ ਮਿਲਿਆ। ਕਿਸਾਨ ਆਗੂਆਂ ਥਾਣਾ ਮੁਖੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਚਾਇਤ ਵੱਲੋਂ ਪਿੰਡ ਦੇ ਸਕੂਲ ਵਿੱਚ ਬਣੇ ਪੰਚਾਇਤ ਦੇ ਕਮਰੇ ਜਿਸ ਵਿੱਚ ਵਿਰੋਧੀ ਧਿਰ ਦੇ ਵਿਅਕਤੀ ਵੱਲੋਂ ਤੂੜੀ ਲਾਈ ਹੋਈ ਸੀ, ਨੂੰ ਕਮਰਾ ਖ਼ਾਲੀ ਕਰਨ ਲਈ ਕਿਹਾ ਗਿਆ ਸੀ। ਇਸ ਮੌਕੇ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ। ਪੁਲੀਸ ਨੇ ਦੋਵੇਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕਰ ਦਿੱਤਾ। ਨਾਜਾਇਜ਼ ਕਬਜ਼ਾ ਕਰਨ ਵਾਲੀ ਧਿਰ ਨੇ ਸਰਪੰਚ ਬਲਦੇਵ ਰਾਜ ਸਮੇਤ ਪੰਚਾਂ ਉੱਤੇ ਪਰਚਾ ਦਰਜ ਕਰਵਾ ਦਿੱਤਾ। ਇਨ੍ਹਾਂ 12 ਵਿਅਕਤੀਆਂ ਵਿੱਚ ਕਈ ਅਜਿਹੇ ਵਿਅਕਤੀ ਵੀ ਹਨ ਜੋ ਝਗੜੇ ਮੌਕੇ ਹਾਜ਼ਰ ਨਹੀਂ ਸਨ। ਬਲਦੇਵ ਰਾਜ ਸਮੇਤ ਮੈਂਬਰ ਪੰਚਾਂ ਵੱਲੋਂ ਐੱਸ.ਐੱਸ.ਪੀ ਗੁਰਦਾਸਪੁਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਪਿੰਡ ਵਿੱਚ ਜਨਤਕ ਜਾਂਚ ਕਰ ਕੇ ਬੇਗੁਨਾਹ ਲੋਕਾਂ ਨੂੰ ਪਰਚੇ ਵਿੱਚੋਂ ਬਾਹਰ ਕੱਢਿਆ ਜਾਵੇ ਪਰ ਸੱਤਾਧਾਰੀ ਧਿਰ ਦੇ ਦਬਾਅ ਕਾਰਨ ਟਾਲ ਮਟੋਲ ਕਰਕੇ ਇਨਕੁਆਰੀ ਨੂੰ ਲਮਕਾਇਆ ਜਾ ਰਿਹਾ ਹੈ। ਥਾਣਾ ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਜੁਆਇਨ ਕੀਤੇ ਥੋੜ੍ਹੇ ਦਿਨ ਹੋਏ ਹਨ, ਇਸ ਲਈ ਥੋੜ੍ਹਾ ਸਮਾਂ ਦਿੱਤਾ ਜਾਵੇ। ਉਨ੍ਹਾਂ ਜਨਤਕ ਵਫ਼ਦ ਵਿੱਚ ਸ਼ਾਮਲ ਆਗੂਆਂ ਅਤੇ ਵਰਕਰਾਂ ਨੂੰ ਵਿਸ਼ਵਾਸ ਦਿੱਤਾ ਕਿ 25 ਅਕਤੂਬਰ ਨੂੰ ਪਿੰਡ ਵਿੱਚ ਆ ਕੇ ਜਾਂਚ ਪੜਤਾਲ ਕੀਤੀ ਜਾਵੇਗੀ। ਵਫ਼ਦ ਵਿੱਚ ਸਤਿਬੀਰ ਸਿੰਘ ਸੁਲਤਾਨੀ, ਲਖਵਿੰਦਰ ਸਿੰਘ ਲੱਖਾ ਨੌਸ਼ਹਿਰਾ, ਮੁਖ਼ਤਿਆਰ ਸਿੰਘ ਮੱਲੀਆਂ, ਅਮਰਜੀਤ ਸਿੰਘ ਓਗਰਾ, ਸੁਲੱਖਣ ਸਿੰਘ, ਅੰਗਰੇਜ਼ ਸਿੰਘ, ਹਰਜਿੰਦਰ ਸਿੰਘ, ਮਨਦੀਪ ਸਿੰਘ, ਦਲਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ,ਸੁੱਚਾ ਸਿੰਘ ਅਤੇ ਜਸਵਿੰਦਰ ਸਿੰਘ ਆਦਿ ਸ਼ਾਮਲ ਸਨ।
Advertisement
Advertisement
