ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਪੁਤਲੇ ਫੂਕੇ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਤਰਨ ਤਾਰਨ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਝਬਾਲ ’ਚ ਇਕੱਠ ਨੂੰ ਸੰਬੋਧਨ ਕਰਨ ਲਈ ਆਉਣ ’ਤੇ ਕਿਸਾਨਾਂ ਨੇ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਤੇ ਵਿਖਾਵੇ ਕਰਕੇ ਸ੍ਰੀ ਸੈਣੀ ਦੇ ਪੁਤਲੇ ਫੂਕੇ| ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਕੀਤੀ ਇਸ ਕਾਰਵਾਈ ਬਾਰੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਦੱਸਿਆ ਕਿ ਸ੍ਰੀ ਸੈਣੀ ਦੀ ਅਗਵਾਈ ਵਾਲੀ ਸਰਕਾਰ ਨੇ ਹੀ ਸ਼ੰਭੂ-ਖਨੌਰੀ ਦੇ ਬਾਰਡਰ ’ਤੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਤੇ ਅੰਨ੍ਹਾ ਤਸ਼ਦੱਦ ਕੀਤਾ ਅਤੇ ਇਕ ਕਿਸਾਨ ਸੁਖਕਰਨ ਸਿੰਘ ਬੱਲੋ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ| ਸਤਨਾਮ ਸਿੰਘ ਮਾਨੋਚਾਹਲ ਨੇ ਦੱਸਿਆ ਕਿ ਪੁਲੀਸ ਦੀਆਂ ਰੋਕਾਂ ਦੇ ਬਾਵਜੂਦ ਵੀ ਕਿਸਾਨਾਂ ਨੇ ਝਬਾਲ, ਮੰਨਣ, ਬਾਬਾ ਸਿਧਾਣਾ, ਗੱਗੋਬੂਆ, ਪੰਜਵੜ, ਸੰਘਾ ਵਿਖੇ ਮੁੱਖ ਮੰਤਰੀ ਸੈਣੀ ਦੀ ਆਮਦ ਦੇ ਵਿਰੋਧ ਵਿੱਚ ਵਿਖਾਵੇ ਕਰਕੇ ਪੁਤਲੇ ਫੂਕੇ| ਵਿਖਾਵਾਕਾਰੀਆਂ ਨੂੰ ਸਤਨਾਮ ਸਿੰਘ ਤੋਂ ਇਲਾਵਾ ਹਰਜਿੰਦਰ ਸਿੰਘ ਸ਼ਕਰੀ, ਫਤਿਹ ਸਿੰਘ ਪਿੱਦੀ, ਸੁਖਵਿੰਦਰ ਸਿੰਘ ਦੁਗਲਵਾਲਾ ਆਦਿ ਨੇ ਸੰਬੋਧਨ ਕੀਤਾ ਅਤੇ ਹਰਿਆਣਾ ਸਰਕਾਰ ਦੀਆਂ ਵਧੀਕੀਆਂ ਵੀ ਨਿਖੇਧੀ ਕੀਤੀ|
