ਨਹਿਰੀ ਪਾਣੀ ਬੰਦ ਕਰਨ ਖ਼ਿਲਾਫ਼ ਰੋਹ ’ਚ ਆਏ ਕਿਸਾਨ
ਇਥੇ ਐੱਮਬੀ ਲਿੰਕ ਨਹਿਰ ਵਿੱਚ ਕਾਫੀ ਦਿਨਾਂ ਤੋਂ ਪਾਣੀ ਨਾ ਆਉਣ ਕਰਕੇ ਧੀਰਾ ਖੇਤਰ ਦੇ ਕਿਸਾਨਾਂ ਦੀ ਕਈ ਏਕੜ ਫ਼ਸਲ ਪਾਣੀ ਦੀ ਕਮੀ ਨਾਲ ਬਰਬਾਦ ਹੋ ਚੁੱਕੀ ਹੈ। ਜਿਸ ਕਾਰਨ ਰੋਹ ਵਿੱਚ ਆਏ 15-16 ਪਿੰਡਾਂ ਦੇ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਧਰਨਾ ਦਿੱਤਾ। ਧਰਨੇ ਦੀ ਸੂਚਨਾ ਮਿਲਦੇ ਸਾਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਵੀ ਧਰਨੇ ਵਿੱਚ ਲੋਕਾਂ ਨਾਲ ਜਾ ਬੈਠੇ ਅਤੇ ਸਮਰਥਨ ਕਰ ਦਿੱਤਾ। ਧਰਨੇ ਦਾ ਅਸਰ ਇਹ ਹੋਇਆ ਕਿ ਪ੍ਰਸ਼ਾਸਨ ਵੀ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਕਾਫੀ ਬਹਿਸ-ਮੁਬਾਸੇ ਬਾਅਦ ਪ੍ਰਸ਼ਾਸਨ ਨੂੰ ਨਹਿਰ ਵਿੱਚੋਂ ਮਾਈਨਿੰਗ ਕਰ ਰਹੀਆਂ ਮਸ਼ੀਨਾਂ ਬਾਹਰ ਕਢਵਾਉਣੀਆਂ ਪਈਆਂ ਤੇ ਨਹਿਰ ਵਿੱਚ ਪਾਣੀ ਛੱਡਣ ਦੇ ਹੁਕਮ ਜਾਰੀ ਕਰਨ ਪਏ।
ਕਿਸਾਨਾਂ ਦਾ ਕਹਿਣਾ ਸੀ ਕਿ ਨਹਿਰੀ ਵਿਭਾਗ ਡੀਸਿਲਟਿੰਗ ਦੇ ਨਾਂ ’ਤੇ ਮਿਲੀਭੁਗਤ ਰਾਹੀਂ ਮਾਈਨਿੰਗ ਕਰਵਾ ਰਿਹਾ ਹੈ। ਜਦ ਕਿ ਨਹਿਰ ਵਿੱਚ ਗੰਦਗੀ ਇੱਕ ਤਰਫ ਪਈ ਹੈ ਅਤੇ ਨਹਿਰ ਵਿੱਚੋਂ ਰੇਤਾ, ਬੱਜਰੀ ਟਰੱਕ ਭਰ-ਭਰ ਕੇ ਕੱਢੇ ਜਾ ਰਹੇ ਹਨ। ਕਿਸਾਨ ਅਸ਼ੋਕ ਕੁਮਾਰ ਦਾ ਕਹਿਣਾ ਸੀ ਕਿ ਉਸ ਦੀ ਜ਼ਮੀਨ ਅਕਾਲਗੜ੍ਹ ਖੇਤਰ ਵਿੱਚ ਹੈ ਅਤੇ ਪਿਛਲੇ 25 ਸਾਲਾਂ ਤੋਂ ਆਪਣੀ ਜ਼ਮੀਨ ਵਿੱਚ ਖੇਤੀ ਕਰ ਰਿਹਾ ਹੈ। ਇਹ ਪਹਿਲੀ ਵਾਰ ਹੋਇਆ ਕਿ ਉਨ੍ਹਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ। ਜਦ ਕਿ ਉਸ ਦੀ ਝੋਨੇ ਦੀ ਫਸਲ ਸੁੱਕ ਕੇ ਬਰਬਾਦ ਹੋ ਰਹੀ ਹੈ। ਇਹੀ ਹਾਲ 15-16 ਪਿੰਡਾਂ ਦੇ ਕਿਸਾਨਾਂ ਦਾ ਸੀ। ਝੋਨੇ ਦੀ ਫਸਲ ਸਮੇਂ ਪਾਣੀ ਬੰਦ ਕਰਕੇ ਮਾਈਨਿੰਗ ਮਾਫੀਆ ਨੂੰ ਰੇਤਾ, ਬੱਜਰੀ ਨਹਿਰ ਤੋਂ ਦਿੱਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਕੇ ਲੱਖਾਂ ਰੁਪਇਆਂ ਦਾ ਨੁਕਸਾਨ ਕਰਵਾਇਆ ਜਾ ਰਿਹਾ ਹੈ। ਕਿਸਾਨ ਰਵਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਧੀਰਾ ਜੱਟਾਂ, ਡੇਹਰੀਵਾਲ, ਲਾਡੋਚੱਕ, ਕੋਠੀ ਪੰਡਿਤਾਂ ਸਮੇਤ 15-16 ਪਿੰਡਾਂ ਦੇ ਲੋਕ ਪਾਣੀ ਦੀ ਕਮੀ ਨਾਲ ਪ੍ਰਭਾਵਿਤ ਹੋ ਰਹੇ ਹਨ। ਪ੍ਰਸ਼ਾਸਨ ਪਾਣੀ ਬੰਦ ਕਰਕੇ ਜਾਨਬੁੱਝ ਕੇ ਪ੍ਰੇਸ਼ਾਨ ਕਰ ਰਿਹਾ ਹੈ। ਸਥਾਨਕ ਵਾਸੀ ਸੁਰਿੰਦਰ ਮਨਹਾਸ ਦਾ ਕਹਿਣਾ ਸੀ ਕਿ ਮੌਨਸੂਨ ਸੀਜ਼ਨ ਵਿੱਚ ਤਾਂ ਮਾਈਨਿੰਗ ਦੀ ਪੰਜਾਬ ਸਰਕਾਰ ਵੱਲੋਂ ਮਨਾਹੀ ਕਰ ਰੱਖੀ ਹੈ। ਪਰ ਇਥੇ ਮਿਲੀਭੁਗਤ ਨਾਲ ਮਾਈਨਿੰਗ ਕਰਵਾਈ ਜਾ ਰਹੀ ਹੈ। ਹਲਕਾ ਇੰਚਾਰਜ ਵਿਭੂਤੀ ਸ਼ਰਮਾ ਦਾ ਕਹਿਣਾ ਸੀ ਕਿ ਉਨ੍ਹਾਂ ਡੀਸੀ ਪਠਾਨਕੋਟ ਨੂੰ ਜਾਣੂ ਕਰਵਾਇਆ ਤੇ ਡੀਸੀ ਨੇ ਤੁਰੰਤ ਮਾਈਨਿੰਗ ਬੰਦ ਕਰਨ ਆਦੇਸ਼ ਦਿੱਤੇ ਹਨ ਅਤੇ ਕਿਹਾ ਕਿ ਅੱਜ ਸ਼ਾਮ ਤੱਕ ਨਹਿਰ ਵਿੱਚ ਪਾਣੀ ਪੁੱਜ ਜਾਵੇਗਾ।