ਟੌਲ ਪਲਾਜ਼ਾ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਨੂੰ ਲੈ ਕੇ ਪਰਿਵਾਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਪਠਾਨਕੋਟ ਦੇ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਬਾਹਰਲੇ ਸੂਬਿਆਂ ਵਿੱਚ ਕਰ ਦੇਣ ਦੇ ਖਿਲਾਫ਼ ਮੁਲਾਜ਼ਮਾਂ ਦੇ ਪਰਿਵਾਰਾਂ ਨੇ ਟੌਲ ਪਲਾਜ਼ਾ ’ਤੇ ਪਰਿਵਾਰਾਂ ਨੇ ਧਰਨਾ ਦਿੱਤਾ। ਇਸ ਰੋਸ ਧਰਨੇ ਨੂੰ ਉਸ ਵੇਲੇ ਹੋਰ ਬਲ ਮਿਲ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਆਗੂ ਵੀ ਸਮਰਥਨ ਵਿੱਚ ਆ ਗਏ ਅਤੇ ਨਾਲ ਧਰਨੇ ਵਿੱਚ ਬੈਠ ਗਏ।
ਟੋਲ ਪਲਾਜ਼ਾ ਦੀਆਂ ਤਿੰਨ ਲੇਨਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ, ਜਿਸ ਨਾਲ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਆਵਾਜਾਈ ਪ੍ਰਭਾਵਿਤ ਹੋਈ।
ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਟੌਲ ਪਲਾਜ਼ਾ ਕੰਪਨੀ ਪੰਜਾਬ ਦੇ ਮੁਲਾਜ਼ਮਾਂ ਨਾਲ ਬੇਇਨਸਾਫ਼ੀ ਕਰ ਰਹੀ ਹੈ। ਆਵਾਜਾਈ ਵਿੱਚ ਵਿਘਨ ਪੈ ਜਾਣ ਦੀ ਸੂਚਨਾ ਮਿਲਣ ’ਤੇ ਵਧੀਕ ਡੀਸੀ ਅਰਸ਼ਦੀਪ ਸਿੰਘ, ਐਸਡੀਐਮ ਰਾਕੇਸ਼ ਕੁਮਾਰ, ਡੀਐਸਪੀ ਸੁਖਜਿੰਦਰ ਸਿੰਘ ਥਾਪਰ ਮੌਕੇ ਉਪਰ ਪੁੱਜੇ ਅਤੇ ਉਨ੍ਹਾਂ ਕੰਪਨੀ ਦੇ ਮਾਲਕਾਂ ਨਾਲ ਫ਼ੋਨ ਉਪਰ ਲੰਬਾ ਸਮਾਂ ਗੱਲਬਾਤ ਕੀਤੀ ਤੇ ਅਖ਼ੀਰ ਉਨ੍ਹਾਂ ਕਰਨਾਟਕ ਵਰਗੇ ਦੂਰ-ਦੁਰਾਡੇ ਸੂਬਿਆਂ ਵਿੱਚ ਬਦਲੀ ਕੀਤੇ ਗਏ ਮੁਲਾਜ਼ਮਾਂ ਦੇ ਹੁਕਮ ਰੱਦ ਕਰਵਾ ਦਿੱਤੇ ਅਤੇ ਇੱਕ ਹੋਰ ਲਿਸਟ ਨੂੰ ਹੋਲਡ ਕਰ ਦਿੱਤਾ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਤਨਖ਼ਾਹ ਵਿੱਚ ਵਾਧੇ ਤੋਂ ਬਿਨਾਂ ਦੂਰ-ਦੁਰਾਡੇ ਸੂਬਿਆਂ ਵਿੱਚ ਭੇਜਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਰੋਧ ਪ੍ਰਦਰਸ਼ਨ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ, ਜਿਸ ਕਾਰਨ ਯਾਤਰੀਆਂ ਅਤੇ ਸਥਾਨਕ ਕਾਰੋਬਾਰੀਆਂ ਨੂੰ ਕਾਫ਼ੀ ਪਰੇਸ਼ਾਨੀ ਹੋਈ।