ਵਿਸ਼ਵ ਯੁੱਧ ਦੇ ਸਿੱਖ ਨਾਇਕਾਂ ਨੂੰ ਸਮਰਪਿਤ ਸਮਾਗਮ
ਪਹਿਲੇ ਵਿਸ਼ਵ ਯੁੱਧ (1914-1918) ਅਤੇ ਦੂਜੇ ਵਿਸ਼ਵ ਯੁੱਧ (1939-1945) ਵਿੱਚ ਲੜਨ ਵਾਲੇ ਸਿੱਖ ਸੈਨਿਕਾਂ ਦੇ ਬਲੀਦਾਨ ਅਤੇ ਅਦੁੱਤੀ ਹੌਸਲੇ ਨੂੰ ਪਿੰਡ ਸੁਲਤਾਨਵਿੰਡ ਅੰਮ੍ਰਿਤਸਰ ਵਿੱਚ ਸਾਲਾਨਾ ਸਮਾਗਮ ਕਰਵਾਇਆ ਗਿਆ। ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੇ ਸਿੱਖ ਨਾਇਕਾਂ ਨੂੰ ਵਿਸ਼ਵ ਯੁੱਧ ਪਹਿਲਾ ਅਤੇ ਦੂਜਾ ਸ਼ਹੀਦ ਵੈੱਲਫੇਅਰ ਸੁਸਾਇਟੀ ਸੁਲਤਾਨਵਿੰਡ ਵੱਲੋਂ ਯਾਦ ਕੀਤਾ ਗਿਆ। ਮੁੱਖ ਮਹਿਮਾਨ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਾਬਕਾ ਫੌਜੀ ਅਧਿਕਾਰੀ, ਸਿਵਲ ਮਹਿਮਾਨ, ਸਕੂਲੀ ਬੱਚੇ ਅਤੇ ਐੱਨ ਸੀ ਸੀ ਕੈਡਿਟ ਵੀ ਸ਼ਾਮਲ ਹੋਏ। ਪੰਜਾਬ ਹੋਮ ਗਾਰਡ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਰਸਾਲਦਾਰ ਬਦਲੂ ਸਿੰਘ ਦਾ ਪਰਿਵਾਰ ਦੀ ਹਾਜ਼ਰ ਸੀ, ਜਿਨ੍ਹਾਂ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਬਹਾਦਰੀ ਲਈ ਸਭ ਤੋਂ ਉੱਚਾ ਸਨਮਾਨ, ਵਿਕਟੋਰੀਆ ਕਰਾਸ (ਵੀ ਸੀ) ਨਾਲ ਸਨਮਾਨਿਆ ਗਿਆ ਸੀ। ਗੁਰਦੁਆਰਾ ਅਟਾਰੀ ਸਾਹਿਬ ਤੋਂ ਉਸ ਇਤਿਹਾਸਕ ਤਖ਼ਤੀ ਤੱਕ ਇੱਕ ਮਾਰਚ ਕੀਤਾ ਗਿਆ, ਜਿਸ ਨੂੰ ਬ੍ਰਿਟਿਸ਼ ਦੁਆਰਾ ਪਿੰਡ ਸੁਲਤਾਨਵਿੰਡ ਤੋਂ ਜੰਗ `ਤੇ ਗਏ ਪਹਿਲੇ ਵਿਸ਼ਵ ਯੁੱਧ ਦੇ ਸਿੱਖ ਸਿਪਾਹੀਆਂ ਅਤੇ ਸ਼ਹੀਦਾਂ ਦੇ ਸਨਮਾਨ ਵਿੱਚ ਸਥਾਪਤ ਕੀਤਾ ਗਿਆ ਸੀ।
