ਮੁਲਾਜ਼ਮ ਅਤੇ ਪੈਨਸ਼ਨਰ ਮਨਾਉਣਗੇ ਕਾਲੀ ਦੀਵਾਲੀ
ਪੰਜਾਬ ਰਾਜ ਬਿਜਲੀ ਬੋਰਡ ਆਲ ਕੇਡਰਜ਼ ਪੈਨਸ਼ਨਰਜ਼ ਐਸੋਸੀਏਸ਼ਨ ਸਬ ਅਰਬਨ ਸਰਕਲ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਪ੍ਰਧਾਨ ਜਤਿੰਦਰ ਕੁਮਾਰ ਸ਼ਰਮਾ ਨੇ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਚੋਣਾਂ ਸਮੇਂ ਜਾਰੀ ਕੀਤੀ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਅਨੁਸਾਰ 31-12-15 ਦੇ ਪਹਿਲੇ ਪੈਨਸ਼ਨਰਾਂ ਨੂੰ 2.59 ਦੀ ਥਾਂ 2.45 ਫੈਕਟਰ ਨਾਲ ਪੈਨਸ਼ਨ ਦਿੱਤੀ ਜਾ ਰਹੀ ਹੈ। ਜਨਵਰੀ 2016 ਤੋਂ ਬਾਅਦ ਰਿਟਾਇਰਮੈਂਟ ਤੇ ਮੁਲਾਜ਼ਮਾਂ ਨੂੰ ਪੈਨਸ਼ਨ ਅਤੇ ਤਨਖਾਹ 2.59 ਨਾਲ ਜਾਰੀ ਕਰਨ ਬਾਰੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਆਗੂਆਂ ਨੇ ਕਿਹਾ ਕਿ ਜਨਵਰੀ 2016 ਤੋਂ ਡੀ ਏ ਦਾ ਪੈਂਡਿਗ ਬਕਾਇਆ ਦੇਣ ਦਾ ਪੱਤਰ ਜਾਰੀ ਕੀਤਾ ਜਾਵੇ, ਮੈਡੀਕਲ ਭੱਤਾ 3000 ਕੀਤਾ ਜਾਵੇ। ਕੇਂਦਰ ਸਰਕਾਰ ਆਪਣੇ ਪੈਨਸ਼ਨਰ ਤੇ ਮੁਲਾਜ਼ਮਾਂ ਨੂੰ 58% ਡੀ ਏ ਦੇ ਰਹੀ ਹੈ ਪ੍ਰੰਤੂ ਪੰਜਾਬ ਸਰਕਾਰ 42% ਡੀ ਏ ਦੇ ਰਹੀ ਹੈ,ਜਨਵਰੀ 2004 ਤੋਂ ਰੱਖੇ ਕਾਮੇ ਪੈਨਸ਼ਨ ਸਕੀਮ ਅਧੀਨ ਲਿਆਂਦੇ ਜਾਣ। ਇਸ ਮੌਕੇ ਜੇ ਪੀ ਸਿੰਘ ਔਲਖ, ਹਰਭਜਨ ਸਿੰਘ ਝੰਜੋਟੀ, ਅਸ਼ੋਕ ਪੁਰੀ, ਨਰੇਸ਼ ਕੁਮਾਰ, ਰਮੇਸ਼ ਕੁਮਾਰ ਆਦਿ ਪੈਨਸ਼ਨਰ ਹਾਜ਼ਰ ਸਨ।