ਟੌਲ ਪਲਾਜ਼ਾ ’ਤੇ ਐਮਰਜੈਂਸੀ ਸੇਵਾਵਾਂ ਸ਼ੁਰੂ ਕਰਵਾਈਆਂ
ਇਥੋਂ ਨਜ਼ਦੀਕੀ ਸਥਿਤ ਨਿਜਰਪੂਰਾ ਟੌਲ ਪਲਾਜ਼ਾ ’ਤੇ ਬੀਤੇ ਲੰਬੇ ਸਮੇਂ ਤੋਂ ਬੰਦ ਐਮਰਜੈਂਸੀ ਸੇਵਾਵਾਂ ਸਾਬਕਾ ਜਨਰਲ ਸਕੱਤਰ ਬੀਜੇਪੀ ਐੱਸਸੀ ਮੋਰਚਾ ਬਲਵਿੰਦਰ ਗਿੱਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਕਿਸਾਨ ਆਗੂ ਜੋਗਾ ਸਿੰਘ ਤੇ ਪਿੰਡ ਨਵਾਂ ਕੋਟ ਦੀ ਪੰਚਾਇਤ ਨੇ ਚਾਲੂ ਕਰਵਾਇਆ। ਇਸ ਸਬੰਧੀ ਗੱਲ ਕਰਦਿਆਂ ਬੀਜੇਪੀ ਆਗੂ ਬਲਵਿੰਦਰ ਗਿੱਲ ਤੇ ਕਿਸਾਨ ਆਗੂ ਜੋਗਾ ਸਿੰਘ ਨੇ ਕਿਹਾ ਨਿਜਰਪੁਰਾ ਟੌਲ ਪਲਾਜ਼ਾ ’ਤੇ ਕਾਫੀ ਲੰਬੇ ਸਮੇਂ ਤੋਂ ਐਮਰਜੈਂਸੀ ਰਸਤਾ ਬੰਦ ਹੋਣ ਕਾਰਨ ਐਮਬੂਲੈਂਸ, ਫਾਇਰ ਬਰਗੇਡ ਤੇ ਹੋਰ ਲੋਕਲ ਆਵਾਜਾਈ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਇੱਥੇ ਟੌਲ ’ਤੇ ਹਰ ਸਮੇਂ ਗੱਡੀਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿਸੇ ਨੂੰ ਵੀ ਐਮਰਜੈਂਸੀ ਹੋਵੇ ਤਾਂ ਉਹ ਇਸ ਟੌਲ ਤੋਂ ਜਲਦੀ ਨਹੀਂ ਨਿਕਲ ਸਕਦਾ। ਉਨ੍ਹਾਂ ਕਿਹਾ ਇਸ ਸੰਬੰਧ ਵਿੱਚ ਅੱਜ ਟੌਲ ਪਲਾਜ਼ਾ ਦੇ ਬਿਲਕੁਲ ਕੋਲ ਸਥਿਤ ਪਿੰਡ ਨਵਾਂ ਕੋਟ ਦੀ ਪੰਚਾਇਤ, ਬੀਜੇਪੀ ਆਗੂ ਬਲਵਿੰਦਰ ਗਿੱਲ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਜੋਗਾ ਸਿੰਘ ਉਨ੍ਹਾਂ ਦੇ ਸਾਥੀਆਂ ਨੇ ਟੌਲ ਪਲਾਜਾ ’ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੌਕੇ ਉੱਪਰ ਹੀ ਐਮਰਜੈਂਸੀ ਸੇਵਾਵਾਂ ਲਈ ਬੀਤੇ ਲੰਮੇ ਸਮੇਂ ਤੋਂ ਬੰਦ ਪਈ ਇੱਕ ਲੇਨ ਚਾਲੂ ਕਰਵਾਈ ਅਤੇ ਦੂਸਰੇ ਪਾਸੇ ਦੀ ਲੇਨ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਟੌਲ ਪਲਾਜ਼ੇ ਦੇ ਮੈਨੇਜਰ ਰਾਸ਼ਿਦ ਕੋਲੋਂ ਭਰੋਸਾ ਲਿਆ ਗਿਆ। ਇਸ ਮੌਕੇ ਭੁਪਿੰਦਰ ਸਿੰਘ, ਜੋਗਾ ਸਿੰਘ, ਜਗਜੀਤ ਸਿੰਘ ਜੇਐਸ ਮੋਟਰ ਵਾਲੇ, ਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਜਸਬੀਰ ਸਿੰਘ, ਸਤਬੀਰ ਸਿੰਘ, ਗੁਰਿੰਦਰ ਵੀਰ ਸਿੰਘ, ਕਰਨਦੀਪ ਸਿੰਘ, ਹਰਮਨਦੀਪ ਸਿੰਘ, ਅਮੋਲਕ ਸਿੰਘ, ਜਗਜੀਤ ਸਿੰਘ, ਮਾਸਟਰ ਅਰਵਿੰਦਰ ਸਿੰਘ, ਪੰਚਾਇਤ ਮੈਂਬਰ ਗੁਰਮੇਲ ਸਿੰਘ ਤੇ ਪਿੰਡ ਨਵਾਂ ਕੋਟ ਦੇ ਵਾਸੀ ਮੌਜੂਦ ਸਨ।