ਮੀਂਹ ਕਾਰਨ ਬਜ਼ੁਰਗ ਜੋੜੇ ਦਾ ਮਕਾਨ ਡਿੱਗਿਆ
ਇੱਥੇ ਸੈਨਗੜ੍ਹ ਮੁਹੱਲੇ ਵਿੱਚ ਬਜ਼ੁਰਗ ਪਤੀ-ਪਤਨੀ ਦਾ ‘ਆਸ਼ਿਆਨਾ’ ਭਾਰੀ ਬਾਰਸ਼ ਕਾਰਨ ਡਿੱਗ ਗਿਆ। ਹਾਲਾਂਕਿ ਕਮਰੇ ਦੀ ਛੱਤ ਬਚ ਗਈ ਪਰ ਬਰਾਮਦੇ ਦਾ ਲੈਂਟਰ ਤੇ ਪੌੜੀਆਂ ਥੱਲੇ ਡਿੱਗ ਗਈਆਂ। ਬਜ਼ੁਰਗ ਪਤੀ-ਪਤਨੀ ਵਾਲ-ਵਾਲ ਬਚ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਪਤੀ-ਪਤਨੀ ਦੀ ਆਰਥਿਕ ਸਥਿਤੀ ਪਹਿਲਾਂ ਤੋਂ ਹੀ ਕਮਜ਼ੋਰ ਹੈ। ਲਗਤਾਰ ਹੋ ਰਹੀ ਬਾਰਸ਼ ਨੇ ਉਨ੍ਹਾਂ ਦੇ ਘਰ ਦੀਆਂ ਦੀਵਾਰਾਂ ਅਤੇ ਛੱਤ ਨੂੰ ਕਮਜ਼ੋਰ ਕਰ ਦਿੱਤਾ ਸੀ। ਆਖਿਰਕਾਰ ਅੱਜ ਸਵੇਰੇ ਅਚਾਨਕ ਮਕਾਨ ਦਾ ਵੱਡਾ ਹਿੱਸਾ ਡਿੱਗ ਗਿਆ। ਪੀੜਤ ਬਜ਼ੁਰਗ ਰਘਵੀਰ ਸਿੰਘ ਨੇ ਦੱਸਿਆ ਕਿ ਉਹ ਕਮਰੇ ਅੰਦਰ ਬੈਠੇ ਹੋਏ ਸਨ ਤਾਂ ਬਿਜਲੀ ਖਰਾਬ ਹੋਣ ਦੇ ਚਲਦੇ ਲਾਈਨਮੈਨ ਬਿਜਲੀ ਠੀਕ ਕਰਨ ਆਇਆ ਹੋਇਆ ਸੀ ਅਤੇ ਉਹ ਜਿਉਂ ਹੀ ਬਾਹਰ ਨਿਕਲਿਆ ਤਾਂ ਅਚਾਨਕ ਜ਼ੋਰ ਨਾਲ ਆਵਾਜ਼ ਆਈ। ਇਸ ਦੇ ਬਾਅਦ ਉਸ ਨੂੰ ਸਿਰਫ ਬਾਹਰ ਡਿੱਗਿਆ ਹੋਇਆ ਮਲਬਾ ਦਿਖਾਈ ਦਿੱਤਾ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਜੋ ਬੁਢਾਪਾ ਪੈਨਸ਼ਨ ਮਿਲਦੀ ਹੈ, ਬੱਸ ਉਸੇ ਤੋਂ ਹੀ ਗੁਜ਼ਾਰਾ ਭੱਤਾ ਚੱਲ ਰਿਹਾ ਹੈ ਅਤੇ ਆਮਦਨੀ ਦਾ ਹੋਰ ਕੋਈ ਸਹਾਰਾ ਨਹੀਂ ਹੈ। ਉਸ ਨੇ ਦੱਸਿਆ ਕਿ ਮਕਾਨ ਡਿੱਗਣ ਨਾਲ ਉਨ੍ਹਾਂ ਦਾ ਕੂਲਰ, ਵਾਸ਼ਿੰਗ ਮਸ਼ੀਨ, ਸਾਈਕਲ ਅਤੇ ਮੋਟਰਸਾਈਕਲ ਮਲਬੇ ਥੱਲੇ ਦੱਬ ਗਏ ਹਨ ਜਿਸ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ।