ਮਾਲ ਵਿਭਾਗ ਦੀ ਅਣਗਹਿਲੀ ਕਾਰਨ ਬਜ਼ੁਰਗ ਹੋ ਰਿਹੈ ਖੱਜਲ-ਖੁਆਰ
ਮਾਲ ਵਿਭਾਗ ਦੀ ਗਲਤੀ ਕਾਰਨ ਜ਼ਮੀਨ ਦਾ ਇੰਤਕਾਲ ਕਰਵਾਉਣ ਲਈ ਬਜ਼ੁਰਗ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸੱਤਪਾਲ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਕਲਿਆਣਪੁਰ ਨੇ ਦੱਸਿਆ ਸਬ ਤਹਿਸੀਲ ਨੌਸ਼ਿਹਰਾ ਮੱਝਾ ਸਿੰਘ (ਜ਼ਿਲ੍ਹਾ ਗੁਰਦਾਸਪੁਰ) ਦੇ ਚੂਹੜ ਚੱਕ ਵਿੱਚ ਉਸ ਦੀ ਪਤਨੀ ਕਸ਼ਮੀਰ ਕੌਰ ਜਮੀਨ ਹੈ, ਜਿਸ ਦੀ ਉਸ ਦੇ ਨਾਂ ਰਜਿਸਟਰਡ ਵਸੀਅਤ ਹੈ। ਉਸ ਦੀ ਪਤਨੀ ਦੀ ਮੌਤ 31 ਦਸੰਬਰ 2021 ਨੂੰ ਹੋਈ। ਮਾਲ ਵਿਭਾਗ ਜਾਣ-ਬੁੱਝ ਕੇ ਰਜਿਸਟਰਡ ਵਸੀਅਤ ਦਾ ਇੰਤਕਾਲ ਕਰਨ ਲਈ ਖੱਜਲ-ਖੁਆਰ ਕਰ ਰਿਹਾ ਹੈ। ਸੱਤਪਾਲ ਸਿੰਘ ਨੇ ਦੱਸਿਆ ਅਮਰਜੀਤ ਕੌਰ ਪਤਨੀ ਜਗਦੇਵ ਸਿੰਘ ਬਨਾਮ ਕਸ਼ਮੀਰ ਕੌਰ ਪਤਨੀ ਸੱਤਪਾਲ ਸਿੰਘ ਦੇ ਸਬੰਧ ਵਿੱਚ ਪੋਜੈਸ਼ਨ (ਕਬਜ਼ੇ) ਦਾ ਸਟੇਅ ਚੱਲ ਰਿਹਾ। ਸਬੰਧਿਤ ਪਟਵਾਰੀ ਤੇ ਅਧਿਕਾਰੀ ਦੂਜੀ ਪਾਰਟੀ ਦੀ ਮਿਲੀ-ਭੁਗਤ ਨਾਲ ਮਾਲ ਵਿਭਾਗ ਦੇ ਰਿਕਾਰਡ ਵਿੱਚ ਗਲਤ ਕਥਨ ਦਰਜ ਕਰਕੇ ਉਸ ਦੀ ਜ਼ਮੀਨ ਦੀ ਕਮਾਈ ਖਾ ਰਹੇ ਹਨ। ਤਹਿਸੀਲਦਾਰ ਨੇ 8 ਮਈ ਨੂੰ ਉਸ ਦੇ ਨਾਂ ਇੰਤਕਾਲ ਕਰਨ ਦੀ ਬਜਾਏ ਮੁਤਨਾਜਾ ਕਰ ਦਿੱਤਾ। ਪੀੜਤ ਸੱਤਪਾਲ ਸਿੰਘ ਅਤੇ ਉਸ ਦੇ ਸਾਥੀ ਹਰਪਾਲ ਸਿੰਘ ਯੂਕੇ ਨੇ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਬੰਧਿਤ ਵਿਭਾਗਾਂ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਇਨਸਾਫ ਦੀ ਮੰਗ ਕੀਤੀ ਹੈ।
‘ਉੱਚ ਅਧਿਕਾਰੀਆਂ ਦੇ ਹੁਕਮ ਤਹਿਤ ਹੋਵੇਗੀ ਕਾਰਵਾਈ’
ਮੌਜੂਦਾ ਪਟਵਾਰੀ ਸਤਬੀਰ ਸਿੰਘ ਨੇ ਕਿਹਾ ਕਿ ਤਤਕਾਲੀ ਪਟਵਾਰੀ ਵੱਲੋਂ ਦਰਜ ਰਿਪੋਰਟ ਵਿੱਚ ਤਬਦੀਲੀ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਹੋ ਸਕੇਗੀ। ਸਬ ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਦੇ ਮੌਜੂਦਾ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੇ ਕਿਹਾ ਐੱਸਡੀਐੱਮ ਦਫ਼ਤਰ ਵੱਲੋਂ ਹੁਕਮ ਜਾਰੀ ਹੋਣ ਅਨੁਸਾਰ ਅਗਲੀ ਕਾਰਵਾਈ ਹੋਵੇਗੀ।