ਬੰਦੀ ਸਿੰਘਾਂ ਦੀ ਰਿਹਾਈ ਲਈ ਮਾਨ ਤੇ ਮੋਦੀ ਦੇ ਪੁਤਲੇ ਸਾੜੇ
ਕੌਮੀ ਇਨਸਾਫ ਮੋਰਚਾ, ਮੁਹਾਲੀ ਦੀ ਹਮਾਇਤ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਵਿਖਾਵਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਸਾੜੇ ਗਏ। ਜਥੇਬੰਦੀਆਂ ਦੇ ਵਫਦ ਵੱਲੋਂ ਇਸ ਮੰਗ ਨੂੰ ਲੈ ਡਿਪਟੀ ਕਮਿਸ਼ਨਰ ਦੇ ਦਫਤਰ ਕੇਂਦਰ ਤੇ ਸੂਬਾ ਸਰਕਾਰ ਦੇ ਨਾਂ ’ਤੇ ਮੰਗ ਪੱਤਰ ਵੀ ਦਿੱਤਾ।
ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸੁੱਚਾ ਸਿੰਘ ਲੱਧੂ, ਸੁਖਵੰਤ ਸਿੰਘ ਦੁਬਲੀ, ਬਾਬਾ ਪ੍ਰਗਟ ਸਿੰਘ, ਅਮਰਿੰਦਰ ਸਿੰਘ ਸੰਧੂਰੀਆ, ਬੁੱਧ ਸਿੰਘ ਰੂੜੀਵਾਲਾ, ਕਾਰਜ ਸਿੰਘ ਸਭਰਾ, ਜਗਤਾਰ ਸਿੰਘ, ਸਿਕੰਦਰਪਾਲ ਸਿੰਘ, ਪਰਮਜੀਤ ਸਿੰਘ ਗਦਾਈਕੇ ਤੇ ਹੀਰਾ ਸਿੰਘ ਭਿੱਖੀਵਿੰਡ ਸਮੇਤ ਹੋਰਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਦਾਲਤਾਂ ਵੱਲੋਂ ਸੁਣਾਈਆਂ ਸਜ਼ਾਵਾਂ ਕੱਟ ਲਏ ਜਾਣ ’ਤੇ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਕੇ ਬੰਦੀਆਂ ਨੂੰ ਬੁਢਾਪੇ ਵਿੱਚ ਡਾਢੀਆਂ ਮੁਸੀਬਤਾਂ ਵਿੱਚ ਪਾਇਆ ਜਾ ਰਿਹਾ ਹੈ| ਜਥੇਬੰਦੀਆਂ ਦੇ ਆਗੂਆਂ ਨੇ ਬੇਅਦਬੀ ਦੇ ਕਸੂਰਵਾਰਾਂ ਨੂੰ ਮਿਸਾਲੀ ਸਜ਼ਾਵਾਂ ਦੇਣ ਦੀ ਵੀ ਮੰਗ ਉਭਾਰੀ|