ਦਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਅੱਜ ਇੱਥੇ ਧੂਮ-ਧਾਮ ਨਾਲ ਮਨਾਇਆ ਗਿਆ। ਸੈਂਕੜੇ ਲੋਕਾਂ ਨੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਅੱਗ ਦੀ ਭੇਟ ਚੜ੍ਹਦੇ ਵੇਖਿਆ। ਸ੍ਰੀ ਰਾਮਲੀਲਾ ਕਮੇਟੀ ਵਲੋਂ ਤਿਉਹਾਰ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸਵੇਰ ਵੇਲੇ ਬਾਰਿਸ਼ ਆਉਣ ਕਾਰਨ ਗਰਾਊਂਡ ਵਿਚ ਪਾਣੀ ਭਰ ਗਿਆ ਜਿਸ ਨੂੰ ਮਸ਼ੀਨਾਂ ਦੀ ਸਹਾਇਤਾ ਨਾਲ ਕੱਢ ਕੇ ਥਾਂ ਨੂੰ ਸੁਕਾਇਆ ਗਿਆ। ਸ਼ਾਮ ਵੇਲੇ ਪੁਤਲਿਆਂ ਨੂੰ ਅੱਗ ਲਗਾਈ ਗਈ। ਲੋਕਾਂ ਨੇ ਖਰੀਦਦਾਰੀ ਕੀਤੀ ਤੇ ਦਸਹਿਰੇ ਦਾ ਆਨੰਦ ਮਾਣਿਆ। ਦਸਹਿਰੇ ਵਿੱਚ ਸੰਸਦ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ, ਵਿਧਾਇਕ ਬ੍ਰਹ ਸ਼ੰਕਰ ਜਿੰਪਾ, ਮੇਅਰ ਸੁਰਿੰਦਰ ਕੁਮਾਰ ਤੇ ਸਾਬਕਾ ਮੇਅਰ ਸ਼ਿਵ ਸੂਦ ਆਦਿ ਨੇ ਵੀ ਸ਼ਿਰਕਤ ਕੀਤੀ।
ਕਾਦੀਆਂ (ਸੁੱਚਾ ਸਿੰਘ ਪਸਨਾਵਾਲ): ਇੱਥੇ ਦਸਹਿਰੇ ਦਾ ਤਿਉਹਾਰ ਦੋ ਵੱਖ ਵੱਖ ਥਾਵਾਂ (ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ ਗਰਾਊਂਡ ਅਤੇ ਆਈਟੀਆਈ ਗਰਾਉਂਡ ਵਿੱਚ) ’ਤੇ ਮਨਾਇਆ ਗਿਆ। ਨੌਜਵਾਨ ਦਸਹਿਰਾ ਕਮੇਟੀ ਵੱਲੋਂ ਦਸਹਿਰੇ ਮੌਕੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬੀ ਗਾਇਕ ਗਿੱਲ ਮਾਣੂਕੇ ਅਤੇ ਹਾਸਰਸ ਕਲਾਕਾਰ ਅਤਰੋ ਚਤੁਰ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ| ਉਪਰੰਤ ਸ਼ਾਮ ਨੂੰ ਰਾਵਣ ਦਾ 50 ਫੁੱਟ ਉੱਚਾ ਪੁਤਲਾ ਸਾੜਿਆ ਗਿਆ| ਇਸੇ ਤਰ੍ਹਾਂ ਸ੍ਰੀ ਕੌਂਸਲ ਨੰਦਨ ਵੈਲਫੇਅਰ ਸੁਸਾਇਟੀ ਵੱਲੋਂ ਸ਼ਹਿਰ ਵਾਸੀਆਂ ਦੇ ਸ਼ਹਿਯੋਗ ਦਸਹਿਰੇ ਦਾ ਪਵਿੱਤਰ ਤਿਉਹਾਰ ਆਈਟੀਆਈ ਕਾਦੀਆਂ ਦੀ ਗਰਾਊਂਡ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ|
ਧਾਰੀਵਾਲ (ਪੱਤਰ ਪ੍ਰੇਰਕ): ਇੱਥੇ ਮਿੱਲ ਗਰਾਊਂਡ ਵਿੱਚ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਮਨਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ‘ਆਪ’ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਸ਼ਾਮਲ ਹੋਏ। ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਬੁੱਤਾਂ ਨੂੰ ਅਗਨੀ ਭੇਟ ਕੀਤਾ ਗਿਆ। ਇਸ ਮੌਕੇ ਦਸਹਿਰਾ ਕਮੇਟੀ ਦੇ ਪ੍ਰਧਾਨ ਹਨੀ ਮਹਾਜਨ, ਮੀਤ ਪ੍ਰਧਾਨ ਕੁਨਾਲ ਚੱਢਾ, ਐਡਵੋਕੇਟ ਰਾਕੇਸ਼ ਸ਼ਰਮਾ ਰਣੀਆਂ, ਤਹਿਸੀਲਦਾਰ ਅਰਵਿੰਦਰ ਸਲਵਾਨ, ਡੀ ਐੱਸ ਪੀ ਕੁਲਵੰਤ ਸਿੰਘ ਮਾਨ, ਕੌਂਸਲਰ ਪਵਨ ਅਬਰੋਲ ਆਦਿ ਹਾਜ਼ਰ ਸਨ|