ਨਸ਼ਾ ਤਸਕਰ ਗਰੋਹਾਂ ਦਾ ਪਰਦਾਫਾਸ਼
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਪਾਕਿਸਤਾਨ-ਅਧਾਰਿਤ ਤਸਕਰਾਂ ਨਾਲ ਜੁੜੇ ਦੋ ਡਰੱਗ ਸਪਲਾਈ ਮੌਡਿਊਲਾਂ ਦੇ ਦੋ ਮੁੱਖ ਸੰਚਾਲਕਾਂ ਨੂੰ 2.815 ਕਿਲੋਗ੍ਰਾਮ ਮੈਥੈਂਫੇਟਾਮਾਈਨ (ਆਈ ਸੀ ਈ) ਸਮੇਤ ਗ੍ਰਿਫ਼ਤਾਰ ਕੀਤਾ ਹੈ। ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀ ਜੀ ਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਪਿੰਡ ਘਰਿਆਲਾ, ਤਰਨ ਤਾਰਨ ਤੇ ਬਲਜੀਤ ਸਿੰਘ ਵਾਸੀ ਗੁਰੂ ਨਾਨਕਪੁਰਾ ਅੰਮ੍ਰਿਤਸਰ ਵਜੋਂ ਹੋਈ ਹੈ। ਸ੍ਰੀ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮੁਲਜ਼ਮ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਤੇ ਡਿਲਿਵਰ ਕਰਨ ਲਈ ਵਰਚੁਅਲ ਨੰਬਰਾਂ ਰਾਹੀਂ ਪਾਕਿਸਤਾਨ-ਅਧਾਰਿਤ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਤੇ ਉਹ ਅਕਸਰ ਸ਼ੱਕ ਤੋਂ ਬਚਣ ਲਈ ਧਾਰਮਿਕ ਸਥਾਨਾਂ ਦੇ ਨੇੜੇ ਡਿਲਿਵਰੀ ਪੁਆਇੰਟਾਂ ਦੀ ਚੋਣ ਕਰਦੇ ਸਨ। ਕਮਿਸ਼ਨਰ ਆਫ ਪੁਲੀਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਹਿਲੇ ਮਾਮਲੇ ’ਚ ਪੁਲੀਸ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਅੰਮ੍ਰਿਤਸਰ ਦੀ ਦਾਣਾ ਮੰਡੀ ਨੇੜੇ ’ਤੇ ਗੁਰਸੇਵਕ ਸਿੰਘ ਉਰਫ ਸੇਵਕ ਨੂੰ 40 ਗ੍ਰਾਮ ਮੈਥੈਂਫੇਟਾਮਾਈਨ (ਆਈ ਸੀ ਈ) ਸਣੇ ਗ੍ਰਿਫ਼ਤਾਰ ਕਰ ਲਿਆ। ਉਸ ਵੱਲੋਂ ਕੀਤੇ ਖੁਲਾਸੇ ਦੇ ਆਧਾਰ ’ਤੇ ਹੋਰ 1.96 ਕਿਲੋ ਆਈ ਸੀ ਈ ਡਰੱਗ ਬਰਾਮਦ ਕੀਤੀ ਗਈ। ਮੁਲਜ਼ਮ ਗੁਰਸੇਵਕ ਵਰਚੁਅਲ ਸੰਚਾਰ ਪਲੈਟਫਾਰਮਾਂ ਰਾਹੀਂ ਪਾਕਿਸਤਾਨ ਅਧਾਰਤ ਤਸਕਰ ਦੇ ਸੰਪਰਕ ’ਚ ਸੀ ਤੇ ਹੈਂਡਲਰ ਦੇ ਨਿਰਦੇਸ਼ਾਂ ਮੁਤਾਬਕ ਖੁਦ ਖੇਪਾਂ ਪ੍ਰਾਪਤ ਤੇ ਡਿਲਿਵਰ ਕਰਦਾ ਸੀ। ਦੂਜੇ ਆਪਰੇਸ਼ਨ ਬਾਰੇ ਭੁੱਲਰ ਨੇ ਦੱਸਿਆ ਕਿ ਸੂਹ ਦੇ ਆਧਾਰ ’ਤੇ ਪੁਲੀਸ ਟੀਮਾਂ ਨੇ ਅੰਮ੍ਰਿਤਸਰ ਦੇ ਰਿਆਨ ਇੰਟਰਨੈਸ਼ਨਲ ਸਕੂਲ ਨੇੜੇ ਵੱਲਾ ਬਾਈਪਾਸ ਰੋਡ ’ਤੇ ਨਾਕਾ ਦੌਰਾਨ ਬਲਜੀਤ ਸਿੰਘ ਨੂੰ 45 ਗ੍ਰਾਮ ਆਈ ਸੀ ਈ ਡਰੱਗ ਸਮੇਤ ਗ੍ਰਿਫ਼ਤਾਰ ਕੀਤਾ ਤੇ ਉਸ ਦੇ ਖੁਲਾਸੇ ਦੇ ਆਧਾਰ ’ਤੇ 770 ਗ੍ਰਾਮ ਆਈ ਸੀ ਈ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਥਾਣਾ ਗੇਟ ਹਕੀਮਾਂ ਤੇ ਮਕਬੂਲਪੁਰਾ ’ਚ ਦੋ ਕੇਸ ਦਰਜ ਕੀਤੇ ਗਏ ਹਨ।
